‘ਦ ਖ਼ਾਲਸ ਬਿਊਰੋ :- ਬਿਹਾਰ ਵਿਧਾਨ ਸਭਾ ਦੀ ਚੋਣ ਲਈ ਤਿੰਨ ਗੇੜਾਂ ਵਿੱਚ ਪਈਆਂ ਵੋਟਾਂ ਦੀ ਗਿਣਤੀ ਮੌਕੇ ਐੱਨਡੀਏ (ਭਾਜਪਾ ਤੇ ਹੋਰ) ਅਤੇ ਆਰਜੇਡੀ ਦੀ ਅਗਵਾਈ ਵਾਲੇ ਮਹਾਂਗੱਠਜੋੜ ਵਿਚਾਲੇ ਜ਼ਬਰਦਸਤ ਟੱਕਰ ਵੇਖਣ ਨੂੰ ਮਿਲੀ। ਲੰਮਾ ਸਮਾਂ ਚੱਲੀ ਵੋਟਾਂ ਦੀ ਗਿਣਤੀ ਦੌਰਾਨ ਐੱਨਡੀਏ ਨੇ ਹਲਕੇ ਫ਼ਰਕ ਨਾਲ ਵਿਰੋਧੀ ਧਿਰਾਂ ਦੇ ਗੱਠਜੋੜ ਨੂੰ ਪਛਾੜੀ ਰੱਖਿਆ। ਹਾਲਾਂਕਿ, ਆਰਜੇਡੀ ਪਹਿਲਾਂ ਭਾਜਪਾ ਤੋਂ ਪਿੱਛੇ ਹੋਣ ਦੇ ਬਾਵਜੂਦ ਮਗਰੋਂ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ। ਚੋਣ ਕਮਿਸ਼ਨ ਦੀ ਵੈੱਬਸਾਈਟ ਮੁਤਾਬਕ ਰਾਤ 12 ਵਜੇ ਤੱਕ 194 ਸੀਟਾਂ ਦੇ ਨਤੀਜੇ ਆ ਚੁੱਕੇ ਸਨ, ਜਿਨ੍ਹਾਂ ਵਿੱਚੋਂ ਆਰਜੇਡੀ 62 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਭਾਜਪਾ ਨੇ 56 ਤੇ ਜੇਡੀ (ਯੂ) ਨੇ 33 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ।
ਕਾਂਗਰਸ ਹਿੱਸੇ 16 ਸੀਟਾਂ ਆਈਆਂ ਹਨ। ਬਸਪਾ ਨੇ ਵੀ ਇੱਕ ਸੀਟ ਉੱਤੇ ਜਿੱਤ ਦਰਜ ਕੀਤੀ ਹੈ। 49 ਸੀਟਾਂ ਦੇ ਰੁਝਾਨਾਂ ਮੁਤਾਬਕ ਭਾਜਪਾ 17, ਆਰਜੇਡੀ 14, ਜੇਡੀ(ਯੂ) 10 ਤੇ ਕਾਂਗਰਸ 3 ਸੀਟਾਂ ਉੱਤੇ ਅੱਗੇ ਚੱਲ ਰਹੀ ਸੀ। ‘ਵੀਆਈਪੀ’ ਪਾਰਟੀ ਨੇ ਚਾਰ ਸੀਟਾਂ, ਐਚਏਐਮ (ਐੱਸ) ਨੇ 3, ਸੀਪੀਆਈ (ਐਮ-ਐੱਲ) ਨੇ 9, ਸੀਪੀਐਮ ਨੇ 2, ਸੀਪੀਆਈ ਨੇ 2 ਤੇ ਏਆਈਐਮਆਈਐਮ ਨੇ 4 ਸੀਟਾਂ ਉੱਤੇ ਜਿੱਤ ਦਰਜ ਕੀਤੀ ਹੈ।
ਵਿਧਾਨ ਸਭਾ ਵਿੱਚ ਬਹੁਮੱਤ ਹਾਸਲ ਕਰਨ ਲਈ 122 ਸੀਟਾਂ ਦਾ ਅੰਕੜਾ ਲੋੜੀਂਦਾ ਹੈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਨੂੰ ਭਾਜਪਾ ਨਾਲੋਂ ਵੋਟਾਂ ਵੀ ਜ਼ਿਆਦਾ ਮਿਲੀਆਂ ਹਨ। ਆਰਜੇਡੀ ਦੇ ਤੇਜਸਵੀ ਯਾਦਵ ਨੇ ਰਾਘੋਪੁਰ ਹਲਕੇ ਤੋਂ ਭਾਜਪਾ ਦੇ ਸਤੀਸ਼ ਕੁਮਾਰ ਨੂੰ ਹਰਾ ਦਿੱਤਾ ਹੈ। ਜੇਡੀ(ਯੂ) ਦੀ ਲੇਸੀ ਸਿੰਘ ਨੇ ਪੂਰਨੀਆ ਜ਼ਿਲ੍ਹੇ ਦੀ ਧਮਦਾਹਾ ਸੀਟ ਜਿੱਤ ਲਈ ਹੈ। ਉੱਘੀ ਨਿਸ਼ਾਨੇਬਾਜ਼ ਤੇ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਤਗ਼ਮਾ ਜੇਤੂ ਭਾਜਪਾ ਦੀ ਸ਼੍ਰੇਅਸੀ ਸਿੰਘ ਜਮੂਈ ਹਲਕੇ ਤੋਂ ਜਿੱਤ ਗਈ ਹੈ। ਬਿਹਾਰ ਦੇ ਸੀਨੀਅਰ ਮੰਤਰੀ ਵਿਜੇਂਦਰ ਪ੍ਰਸਾਦ ਯਾਦਵ ਜੇਡੀ(ਯੂ) ਦੀ ਟਿਕਟ ’ਤੇ ਸੁਪੌਲ ਤੋਂ ਜਿੱਤ ਗਏ ਹਨ।