India Manoranjan Punjab

ਕੰਗਨਾ ਦੀ ਫ਼ਿਲਮ ‘ਐਮਰਜੈਂਸੀ’ ’ਤੇ ਬਿੱਟੂ ਦਾ ਤਲਖ਼ ਬਿਆਨ! ‘ਜੋ ਫ਼ਿਲਮ ਦਾ ਵਿਰੋਧ ਕਰ ਰਹੇ ਉਹ ਇੰਦਰਾ ਗਾਂਧੀ ਨੂੰ ਬਚਾਉਣਾ ਚਾਹੁੰਦੇ!’

ਬਿਉਰੋ ਰਿਪੋਰਟ: ਰਾਜ ਮੰਤਰੀ (MoS) ਰਵਨੀਤ ਬਿੱਟੂ ਨੇ ਸੰਸਦ ਮੈਂਬਰ ਕੰਗਨਾ ਰਣੌਤ ਦੀ ਆਉਣ ਵਾਲੀ ਫਿਲਮ ‘ਐਮਰਜੈਂਸੀ’ ’ਤੇ ਟਿੱਪਣੀ ਕਰਦੇ ਹੋਏ ਕਿਹਾ ਹੈ ਕਿ ਫਿਲਮ ਤੋਂ ਸਾਰੇ ਇਤਰਾਜ਼ਯੋਗ ਦ੍ਰਿਸ਼ ਹਟਾ ਦਿੱਤੇ ਗਏ ਹਨ। ਉਨ੍ਹਾਂ ਫ਼ਿਲਮ ਵਿੱਚ ਇਤਿਹਾਸਕ ਪੇਸ਼ਕਾਰੀ ਦੇ ਸਬੰਧ ਵਿੱਚ ਸਿੱਖਾਂ ਇੱਕ ਸਵਾਲ ਵੀ ਚੁੱਕਿਆ ਹੈ ਕਿ ਕੀ ਤੁਸੀਂ 1984 ਵਿੱਚ ਹੋਏ ਕਤਲੇਆਮ ਨੂੰ ਨਹੀਂ ਦਿਖਾਉਣਾ ਚਾਹੁੰਦੇ ਜਦੋਂ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਹੋਇਆ ਸੀ?

ਬਿੱਟੂ ਨੇ ਕਿਹਾ ਕਿ ਮੈਂ ਜ਼ਿੰਮੇਵਾਰੀ ਨਾਲ ਕਹਿ ਰਿਹਾ ਹਾਂ ਕਿ ਸਾਰੇ ਇਤਰਾਜ਼ਯੋਗ ਸੀਨ ਮਿਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ, ਸਿੱਖਾਂ ਤੇ ਬੁੱਧੀਜੀਵੀਆਂ ਨੇ ਫ਼ਿਲਮ ਦੇ ਕੁਝ ਦ੍ਰਿਸ਼ਾਂ ’ਤੇ ਇਤਰਾਜ਼ ਕੀਤਾ ਸੀ ਕਿ ਇਸ ਨਾਲ ਸਿੱਖਾਂ ਦੇ ਮਨਾਂ ਨੂੰ ਠੇਸ ਪਹੁੰਚੀ ਹੈ, ਪਰ ਇਹ ਸਾਰੇ ਸੀਨ ਹਟਾ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਫ਼ਿਲਮ ਵਿੱਚ ਹੁਣ ਕੋਈ ਵੀ ਅਜਿਹਾ ਸੀਨ ਨਹੀਂ ਹੈ ਜਿਸ ਨਾਲ ਸਿੱਖਾਂ ਦਾ ਅਕਸ ਖ਼ਰਾਬ ਹੋਵੇ।

ਇਸ ਤੋਂ ਇਲਾਵਾ ਉਨ੍ਹਾਂ ਦੂਜੀ ਗੱਲ ਕਰਦਿਆਂ ਕਿਹਾ ਕਿ 1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਾਜ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਗਲ਼ੀ-ਗਲ਼ੀ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ, ਸਿੱਖਾਂ ਨੂੰ ਸ਼ਹਿਰਾਂ ਵਿੱਚ ਭਰਾ-ਭਰਾ ਕੇ ਉਨ੍ਹਾਂ ਦੇ ਗਲ਼ੇ ਵਿੱਚ ਟਾਇਰ ਪਾ ਕੇ ਮਾਰਿਆ ਗਿਆ। ਇਹ ਸਾਰਾ ਕੁਝ ਜੋ ਵੀ ਇੰਦਰਾ ਗਾਂਧੀ ਨੇ ਕਰਵਾਇਆ ਕੀ ਪੰਜਾਬ ਦੇ ਲੋਕ ਨਹੀਂ ਚਾਹੁੰਦੇ ਕਿ ਉਹ ‘ਐਮਰਜੈਂਸੀ’ ਫ਼ਿਲਮ ਦੇ ਜ਼ਰੀਏ ਸਾਰਿਆਂ ਨੂੰ ਦਿਖਾਇਆ ਜਾਵੇ?

ਬਿੱਟੂ ਨੇ ਕਿਹਾ ਕਿ ਇਤਰਾਜ਼ਯੋਗ ਸੀਨ ਤਾਂ ਹਟ ਗਏ, ਪਰ ਕੀ ਹੁਣ ਤੁਸੀਂ ਨਹੀਂ ਚਾਹੁੰਦੇ ਕਿ ਬਾਕੀ ਸਭ ਲੋਕਾਂ ਨੂੰ ਦਿਖਾਇਆ ਜਾਵੇ ਕਿ ਇੰਦਰਾ ਗਾਂਧੀ ਨੇ ਸਿੱਖਾਂ ਤੇ ਗੁਰਦੁਆਰਿਆਂ ਨਾਲ ਕੀ ਕੀਤਾ? ਉਨ੍ਹਾਂ ਸਵਾਲ ਚੁੱਕਿਆ ਕਿ ਹੁਣ ਫ਼ਿਲਮ ਦਾ ਵਿਰੋਧ ਕਿਉਂ ਕੀਤਾ ਜਾ ਰਿਹਾ ਹੈ? ਉਨ੍ਹਾਂ ਕਿਹਾ ਕਿ ਜੋ ਵੀ ਇਸ ਫ਼ਿਲਮ ਦਾ ਵਿਰੋਧ ਕਰ ਰਹੇ ਹਨ, ਉਹ ਕਾਂਗਰਸ ਸਰਕਾਰ ਤੇ ਇੰਦਰਾ ਗਾਂਧੀ ਵੱਲੋਂ ਸਿੱਖਾਂ ਖ਼ਿਲਾਫ਼ ਕੀਤੇ ਧੱਕੇ ਤੇ ਇਤਿਹਾਸ ’ਚ ਕੀਤੀਆਂ ਗ਼ਲਤੀਆਂ ਲੋਕਾਂ ਸਾਹਮਣੇ ਨਹੀਂ ਲਿਆਉਣਾ ਚਾਹੁੰਦੇ, ਅੱਜ ਕਾਂਗਰਸੀ ਉਨ੍ਹਾਂ ਲੋਕਾਂ ਨੂੰ ਚੰਗੇ ਲੱਗਣ ਲੱਗ ਗਏ ਹਨ। ਉਨ੍ਹਾਂ ਇਲਜ਼ਾਮ ਲਾਇਆ ਕਿ ਜੋ ਲੋਕ ਫ਼ਿਲਮ ਦਾ ਵਿਰੋਧ ਕਰ ਰਹੇ ਹਨ ਉਹ ਇੰਦਰਾ ਗਾਂਧੀ ਨੂੰ ਬਚਾਉਣਾ ਚਾਹੁੰਦੇ ਹਨ।

ਦੱਸ ਦੇਈਏ ਕੰਗਨਾ (Kangana Ranaut) ਦੀ ਫਿਲਮ ਐਮਰਜੈਂਸੀ (EMERGENCY) ਨੂੰ ਸੈਂਸਰ ਬੋਰਡ (CBFC) ਵੱਲੋਂ ਹਰੀ ਝੰਡੀ ਮਿਲ ਗਈ ਹੈ। ਫਿਲਮ ਵਿੱਚ ਸਿਰਫ ਇੱਕ ਮਿੰਟ ਯਾਨੀ 3 ਸੀਨ ’ਤੇ ਕੱਟ ਲਗਾਇਆ ਗਿਆ ਹੈ। ਫਿਲਮ ਦੀ ਰਿਲੀਜ਼ ਨੂੰ ਲੈ ਕੇ ਕੰਗਨਾ ਰਣੌਤ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਸਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਲਿਖਿਆ ਕਿ ਸੈਂਸਰ ਬੋਰਡ ਵੱਲੋਂ ਸਾਡੀ ਫਿਲਮ ਨੂੰ ਸਰਟੀਫਿਕੇਟ ਮਿਲ ਗਿਆ ਹੈ। ਅਸੀਂ ਜਲਦ ਹੀ ਫਿਲਮ ਦੀ ਰਿਲੀਜ਼ ਤਰੀਕ ਦਾ ਐਲਾਨ ਕਰਾਂਗੇ।

ਫਿਲਮ ਦੇ ਸਰਟਿਫਿਕੇਟ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਸ ਤੋਂ ਪਹਿਲਾਂ ਪਿਛਲੇ 147 ਮਿੰਟ ਦੇ ਰਨਿੰਗ ਟਾਈਮ ਨੂੰ ਘਟਾ ਕੇ 146 ਮਿੰਟ ਕਰ ਦਿੱਤਾ ਗਿਆ ਹੈ। ਇਸ ਤੋਂ ਪਤਾ ਚਲਦਾ ਹੈ ਕਿ ਫਿਲਮ ਵਿੱਚ 1 ਮਿੰਟ ਦੀ ਕਮੀ ਕੀਤੀ ਗਈ ਹੈ।