ਬਿਉਰੋ ਰਿਪੋਰਟ: ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਪਹਿਲੀ ਵਾਰ ਮੀਡੀਆ ਦੇ ਸਾਹਮਣੇ ਆਪਣੇ ਅਸਤੀਫ਼ੇ ਬਾਰੇ ਕੋਈ ਬਿਆਨ ਦਿੱਤਾ ਹੈ। ਭਾਜਪਾ ਤੋਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਆਉਣ ਤੋਂ ਬਾਅਦ ਉਨ੍ਹਾਂ ਪਹਿਲੀ ਵਾਰ ਪੱਤਰਕਾਰਾਂ ਨੂੰ ਇਸ ਸਵਾਲ ਦਾ ਜਵਾਬ ਦਿੱਤਾ ਕਿ ਉਹ ਆਉਣ ਵਾਲੇ ਦਿਨਾਂ ਵਿਚ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਗੇ। ਫਿਲਹਾਲ ਉਨ੍ਹਾਂ ਇਹ ਸਵਾਲ ਇਹ ਕਹਿ ਟਾਲ਼ ਦਿੱਤਾ ਕਿ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ।
ਬੀਤੇ ਦਿਨ ਜਾਖੜ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਸਹੁੰ ਚੁੱਕ ਸਮਾਗਮ ਵਿੱਚ ਪਹੁੰਚੇ ਹੋਏ ਸਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ ਵਿਸ਼ੇਸ਼ ਤੌਰ ’ਤੇ ਇੱਥੇ ਪਹੁੰਚੇ ਸਨ। ਇੱਥੇ ਉਨ੍ਹਾਂ ਨੇ 5-6 ਘੰਟੇ NDA ਸਰਕਾਰਾਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਜਾਖੜ ਨੇ ਮੀਡੀਆ ਨੂੰ ਸਵਾਲਾਂ ਦੇ ਜਵਾਬ ਦਿੰਦਿਆਂ ਅਸਤੀਫ਼ੇ ਬਾਰੇ ਇਹ ਗੱਲ ਕਹੀ ਹੈ ਕਿ ਇਨ੍ਹਾਂ ਗੱਲਾਂ ਦਾ ਕੋਈ ਮਹੱਤਵ ਨਹੀਂ ਹੈ।
ਦਰਅਸਲ ਸਿਆਸੀ ਗਲਿਆਰਿਆਂ ਵਿੱਚ ਚਿਰਾਂ ਤੋ ਇਹ ਖ਼ਬਰ ਹੈ ਕਿ ਜਾਖੜ ਪਾਰਟੀ ਤੋਂ ਨਾਰਾਜ਼ ਚੱਲ ਰਹੇ ਸਨ। ਉਨ੍ਹਾਂ ਦੇ ਪਾਰਟੀ ਤੋਂ ਅਸਤੀਫ਼ਾ ਦੇਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਸਨ। ਉਹ ਪਾਰਟੀ ਦੇ ਕਈ ਸਮਾਗਮਾਂ ਤੇ ਮੀਟਿੰਗਾਂ ਤੋਂ ਵੀ ਗ਼ੈਰ-ਹਾਜ਼ਰ ਰਹੇ ਸਨ।
ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੇ ਤਾਂ ਉਨ੍ਹਾਂ ਦੇ ਅਸਤੀਫ਼ੇ ਦੀਆਂ ਖ਼ਬਰਾਂ ਨੂੰ ਅਫ਼ਵਾਹ ਕਰਾਰ ਦੇ ਦਿੱਤਾ ਸੀ ਪਰ ਜਾਖੜ ਨੇ ਖ਼ੁਦ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ ਸੀ। ਨਾ ਉਨ੍ਹਾਂ ਨੇ ਆਪਣੇ ਅਸਤੀਫ਼ੇ ਦੀ ਪੁਸ਼ਟੀ ਕੀਤੀ ਸੀ ਤੇ ਨਾ ਹੀ ਇਨ੍ਹਾਂ ਅਫ਼ਵਾਹਾਂ ਦਾ ਖੰਡਨ ਕੀਤਾ ਸੀ। ਹੁਣ ਤਾਜ਼ਾ ਬਿਆਨ ਵਿੱਚ ਵੀ ਉਨ੍ਹਾਂ ਗੱਲ ਆਉਣ ਵਾਲੇ ਸਮੇਂ ’ਤੇ ਟਾਲ਼ ਦਿੱਤੀ ਹੈ।