Punjab Religion

ਵਲਟੋਹਾ ਨੇ ਆਪ ਛੱਡਿਆ ਅਕਾਲੀ ਦਲ! ਜਥੇਦਾਰਾਂ ਖ਼ਿਲਾਫ਼ ਮੁੜ ਤੋਂ ਕੱਢੀ ਭੜਾਸ, ਕੱਲ੍ਹ ਤੱਕ ਦਿੱਤੀ ਇਹ ਚੁਣੌਤੀ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਬਿਉਰੋ ਰਿਪੋਰਟ – ਸ੍ਰੀ ਅਕਾਲ ਤਖਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਆਪ ਹੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਹੈ ਪਰ ਇਸ ਦੌਰਾਨ ਉਨ੍ਹਾਂ ਨੇ ਇੱਕ ਵਾਰ ਮੁੜ ਤੋਂ ਤਲਖ਼ ਤੇਵਰ ਵਿਖਾਉਂਦੇ ਹੋਏ ਨਾ ਸਿਰਫ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਖੁੱਲ੍ਹ ਕੇ ਬਿਆਨਬਾਜ਼ੀ ਕੀਤੀ ਬਲਕਿ ਆਪਣੀ ਪੇਸ਼ੀ ਦੌਰਾਨ ਹੋਈ ਸੁਣਵਾਈ ਦੀ ਪੂਰੀ ਵੀਡੀਓਗਰਾਫੀ ਵੀ ਜਨਤਕ ਕਰਨ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਤਖ਼ਤ ਦੇ ਜਥੇਦਾਰ ਸਾਹਿਬਾਨ ਨੇ ਇਸ ਨੂੰ ਕੱਲ੍ਹ ਤੱਕ ਜਨਤਕ ਨਹੀਂ ਕੀਤਾ ਤਾਂ ਉਹ ਆਪ ਇਸ ਨੂੰ ਨਸ਼ਰ ਕਰਨਗੇ।

ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਪਣੇ ਖ਼ਿਲਾਫ਼ ਵਿਰਸਾ ਸਿੰਘ ਵਲਟੋਹਾ ਵੱਲੋਂ RSS ਅਤੇ BJP ਅਧੀਨ ਕੰਮ ਕਰਨ ਦੇ ਇਲਜ਼ਾਮਾਂ ਤਹਿਤ ਸਬੂਤਾਂ ਨਾਲ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਸਨ। ਇਸ ਦੌਰਾਨ ਵਲਟੋਹਾ ਨੇ ਪੈਨ ਡਰਾਇਵ ਦੇ ਨਾਲ ਸਪੱਸ਼ਟੀਕਰਨ ਅਤੇ ਮੁਆਫ਼ੀ ਦੀ ਚਿੱਠੀ ਵੀ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਾਹਿਬਾਨ ਨੂੰ ਸੌਂਪੀ ਸੀ ਜਿਸ ਤੋਂ ਬਾਅਦ ਜਥੇਦਾਰ ਸਾਹਿਬ ਨੇ ਵਿਰਸਾ ਸਿੰਘ ਵਲਟੋਹਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੂੰ 24 ਘੰਟਿਆਂ ਦੇ ਅੰਦਰ ਵਿਰਸਾ ਸਿੰਘ ਵਲਟੋਹਾ ਨੂੰ ਪਾਰਟੀ ਤੋਂ ਬਾਹਰ ਕੱਢਣ ਦੇ ਹੁਕਮ ਸੁਣਾਏ ਸਨ। ਇਸ ਤੋਂ ਬਾਅਦ ਹੁਣ ਵਿਰਸਾ ਸਿੰਘ ਵਲਟੋਹਾ ਨੇ ਫੈਸਲੇ ਨੂੰ ਮੰਨਦੇ ਹੋਏ ਆਪ ਅਸਤੀਫ਼ਾ ਦਿੱਤਾ ਪਰ ਹੁਣ ਵੀ ਉਨ੍ਹਾਂ ਦੇ ਤੇਵਰ ਤਲ਼ਖ ਹਨ।

ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਵੀਡੀਓ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਅੱਜ ਸਿੰਘ ਸਾਹਿਬਾਨ ਸਾਮਣੇ ਹੋਈ ਮੇਰੀ ਪੇਸ਼ੀ ਤੋਂ ਬਾਦ ਮੇਰੇ ਬਾਰੇ ਜੋ ਆਦੇਸ਼ ਜਾਰੀ ਕੀਤਾ ਗਿਆ ਹੈ ਉਸ ਨੂੰ ਸਿਰ ਝੁਕਾਕੇ ਪ੍ਰਵਾਨ ਕਰਦਾ ਹਾਂ। ਇਸ ਆਦੇਸ਼ ਨੂੰ ਲਾਗੂ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਕਿਸੇ ਵੀ ਸੰਕਟ ’ਚ ਪਾਏ ਬਿਨਾਂ ਮੈਂ ਖੁਦ ਹੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਛੱਡਦਾ ਹਾਂ। ਮੈਨੂੰ ਪਤਾ ਹੈ ਕਿ ਅਕਾਲੀ ਦਲ ਦੀ ਲੀਡਰਸ਼ਿਪ ਮੈਨੂੰ ਬਹੁਤ ਪਿਆਰ ਕਰਦੀ ਹੈ ਤੇ ਉਹ ਮੈਨੂੰ ਹਮੇਸ਼ਾਂ ਹੀ ਪੰਥਕ ਸੋਚ ਵਾਲੇ ਟਕਸਾਲੀ ਅਕਾਲੀ ਦਾ ਦਰਜਾ ਦੇਂਦੀ ਹੈ।

ਉਨ੍ਹਾਂ ਕਿਹਾ ਕਿ ਮੈਨੂੰ ਸਿੰਘ ਸਾਹਿਬਾਨ ਦਾ ਆਦੇਸ਼ ਇੱਕ ਨਿਮਾਣੇ ਸਿੱਖ ਦੇ ਤੌਰ ’ਤੇ ਰੂਹ ਤੋਂ ਪ੍ਰਵਾਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਸੰਗਤ ਨੂੰ ਅਕਾਲੀ ਦਲ ਦੇ ਨਾਲ ਜੋੜਿਆ ਹੀ ਜਾਂਦਾ ਰਿਹਾ ਹੈ। ਮੇਰੀ ਜ਼ਿੰਦਗੀ ਵਿੱਚ ਇੱਕ ਅਕਾਲੀ ਨੂੰ ਅਕਾਲੀ ਦਲ ਨਾਲੋਂ ਤੋੜਣ ਲਈ ਸ਼ਾਇਦ ਸਿੱਖ ਰਾਜਨੀਤੀ ਵਿੱਚ ਇਹ ਪਹਿਲਾ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਆਦੇਸ਼ ਆਇਆ ਹੈ। ਅੱਜ ਅਕਾਲੀ ਵਿਰੋਧੀ ਸ਼ਕਤੀਆਂ ਜਰੂਰ ਖੁਸ਼ ਹੋਣਗੀਆਂ। ਹਾਂ ਗਿਆਨੀ ਹਰਪ੍ਰੀਤ ਹੋਰਾਂ ਨੇ ਅਜਿਹਾ ਆਦੇਸ਼ ਕਰਵਾਕੇ ਅਕਾਲੀ ਸਫਾਂ ਵਿੱਚ ਦਹਿਸ਼ਤ ਪੈਦਾ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਹੈ ਪਰ ਤਖ਼ਤਾਂ ਤੋਂ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਕਦਮ ਨਹੀਂ ਚੁੱਕੇ ਜਾਂਦੇ ਸਗੋਂ ਸਿੱਖੀ ਨਾਲ ਜੋੜਣ ਤੇ ਅਕਾਲੀ ਸੋਚ ਨਾਲ ਜੋੜਨ ਦੇ ਯਤਨ ਕੀਤੇ ਜਾਂਦੇ ਰਹੇ ਹਨ।

ਉਨ੍ਹਾਂ ਸਫ਼ਾਈ ਦਿੰਦਿਆਂ ਕਿਹਾ ਕਿ ਮੈਂ ਤਾਂ ਅੱਜ ਆਪਣਾ ਪੱਖ ਨਿਮਰਤਾ ਨਾਲ ਸਿੰਘ ਸਾਹਿਬਾਨ ਅੱਗੇ ਰੱਖਿਆ ਸੀ ਜਿਸਦੀ ਸਾਰੀ ਵੀਡੀਓਗ੍ਰਾਫੀ ਕੀਤੀ ਗਈ ਸੀ। ਮੈਨੂੰ ਸਿੰਘ ਸਾਹਿਬਾਨ ਨੇ ਪੇਸ਼ੀ ਦੀ ਮੀਟਿੰਗ ਸ਼ੁਰੂ ਹੋਣ ਵੇਲੇ ਕਿਹਾ ਸੀ ਕਿ ਤੁਹਾਡੀ ਸਾਰੀ ਸੁਣਵਾਈ ਦੀ ਵੀਡੀਓਗ੍ਰਾਫੀ ਕੀਤੀ ਜਾ ਰਹੀ ਹੈ ਜੋ ਬਾਅਦ ਵਿੱਚ ਮੀਡੀਆ ਨੂੰ ਜਾਰੀ ਕੀਤੀ ਜਾਵੇਗੀ। ਮੇਰੀ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਬੇਨਤੀ ਹੈ ਕਿ ਉਹ ਵੀਡੀਓਗ੍ਰਾਫੀ ਦੀ ਵੀਡੀਓ ਮੀਡੀਆ ਨੂੰ ਜਨਤਕ ਕਰ ਦੀ ਕਿਰਪਾਲਤਾ ਕਰਨ।

ਉਨ੍ਹਾਂ ਗਿਆਨੀ ਰਘਬੀਰ ਸਿੰਘ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਸਪਸ਼ਟੀਕਰਨ ਦੀ ਚਿੱਠੀ ਤੇ ਪੈੱਨ ਡਰਾਈਵ (Pen drive) ਜਿਸ ਵਿੱਚ ਗਿਆਨੀ ਹਰਪ੍ਰੀਤ ਸਿੰਘ ਜੀ ਦੀਆਂ BJP ਅਤੇ ਕੇਂਦਰ ਸਰਕਾਰ ਨਾਲ ਸਾਂਝ ਨੂੰ ਸਾਬਤ ਕਰਦੇ ਹੋਏ ਡਾਕੂਮੈਂਟਸ ਪੇਸ਼ ਕੀਤੇ ਗਏ ਸੀ ਉਹ ਵੀ ਜਨਤਕ ਕਰਨ ਦੀ ਕਿਰਪਾਲਤਾ ਕੀਤੀ ਜਾਵੇ।

ਉਨ੍ਹਾਂ ਕਿਹਾ ਕਿ ਜੇ ਕਿਸੇ ਕਾਰਨ ਸ਼੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਮੇਰੀ ਸਪੱਸ਼ਟੀਕਰਨ ਵਾਲੀ ਪੱਤ੍ਰਿਕਾ ਤੇ ਸਬੂਤਾਂ ਵਾਲੀ  ਪੈੱਨ ਡਰਾਈਵ ਨਹੀਂ ਜਾਰੀ ਹੁੰਦੀ ਤਾਂ ਮੈਂ ਕੱਲ੍ਹ ਨੂੰ ਇਹ ਸਭ ਕੁੱਝ ਆਪ ਜਨਤਕ ਕਰ ਦਿਆਂਗਾ।

ਅਖ਼ੀਰ ਵਿੱਚ ਉਨ੍ਹਾਂ ਹਲਕਾ ਖੇਮਕਰਨ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਤੇ ਉਨ੍ਹਾਂ ਦਾ ਪਰਿਵਾਰ ਪਹਿਲਾਂ ਦੀ ਤਰਾਂ ਹੀ ਸਿਆਸਤ ਵਿੱਚ ਸਰਗਰਮ ਰਹਿਣਗੇ। ਲੋਕਾਂ ਦੇ ਦੁੱਖ-ਸੁੱਖ ਦੇ ਭਾਈਵਾਲ ਤੇ ਕੰਮਾਂ ਲਈ ਵੀ ਹਮੇਸ਼ਾਂ ਹਾਜ਼ਰ ਰਹਿਣਗੇ।