India

ਲਾਰੈਂਸ ਗੈਂਗ ਨੇ ਲਈ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ, ਸਲਮਾਨ ਖ਼ਾਨ ਦੀ ਮਦਦ ਕਰਨ ਵਾਲਿਆਂ ਨੂੰ ਚੇਤਾਵਨੀ

ਬਿਉਰੋ ਰਿਪੋਰਟ: ਲਾਰੈਂਸ ਬਿਸ਼ਨੋਈ ਗੈਂਗ ਨੇ ਬਾਬਾ ਸਿੱਦੀਕੀ ਦੇ ਕਤਲ ਦੀ ਜ਼ਿੰਮੇਵਾਰੀ ਲੈ ਲਈ ਹੈ। ਇਸ ਸਬੰਧੀ ਗਰੋਹ ਨੇ ਬਕਾਇਦਾ ਸੋਸ਼ਲ ਮੀਡੀਆ ਪੋਸਟ ਜਾਰੀ ਕੀਤੀ ਹੈ। ਪੋਸਟ ’ਚ ਉਨ੍ਹਾਂ ਨੇ ਲਿਖਿਆ, “ਜੋ ਕੋਈ ਵੀ ਸਲਮਾਨ ਖਾਨ ਜਾਂ ਦਾਊਦ ਗੈਂਗ ਦੀ ਮਦਦ ਕਰੇਗਾ ਉਹ ਆਪਣਾ ਹਿਸਾਬ ਲਾ ਕੇ ਰੱਖਣਾ।”

ਬਿਸ਼ਨੋਈ ਗੈਂਗ ਨੇ ਆਪਣੀ ਪੋਸਟ ’ਚ ਲਿਖਿਆ, “ਸਾਡੇ ਕਿਸੇ ਵੀ ਭਰਾ ਨੂੰ ਕੋਈ ਵੀ ਮਰਵਾਏਗਾ ਤਾਂ ਅਸੀਂ ਜਵਾਬ ਜ਼ਰੂਰ ਦੇਵਾਂਗੇ। ਅਸੀਂ ਕਦੀ ਪਹਿਲਾਂ ਵਾਰ ਨਹੀਂ ਕੀਤਾ।”

ਦੱਸ ਦੇਈਏ ਕਿ ਬਾਬਾ ਸਿੱਦੀਕੀ ’ਤੇ 12 ਅਕਤੂਬਰ ਦੀ ਰਾਤ ਨੂੰ ਤਿੰਨ ਸ਼ੂਟਰਾਂ ਨੇ ਹਮਲਾ ਕੀਤਾ ਸੀ। ਤਿੰਨ ਸ਼ੂਟਰਾਂ ਨੇ ਛੇ ਰਾਉਂਡ ਫਾਇਰ ਕੀਤੇ, ਜਿਨ੍ਹਾਂ ਵਿੱਚੋਂ ਇੱਕ ਸਿੱਦੀਕੀ ਦੀ ਛਾਤੀ ਵਿੱਚ ਲੱਗਿਆ। ਇਸ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਲੀਲਾਵਤੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ।

13 ਅਕਤੂਬਰ ਦੀ ਸਵੇਰ ਨੂੰ ਬਾਬਾ ਸਿੱਦੀਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਕੂਪਰ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਰੱਖਿਆ ਜਾਵੇਗਾ ਅਤੇ ਫਿਰ ਰਾਤ 8.30 ਵਜੇ ਮਰੀਨ ਡਰਾਈਵ ਸਥਿਤ ਵੱਡੇ ਕਬਰਿਸਤਾਨ ’ਚ ਦਫ਼ਨਾਇਆ ਜਾਵੇਗਾ।

ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਅੱਜ ਸਵੇਰੇ ਐਲਾਨ ਕੀਤਾ ਸੀ ਕਿ ਬਾਬਾ ਸਿੱਦੀਕੀ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਯਾਦ ਰਹੇ ਬਾਬਾ ਸਿੱਦੀਕੀ ਨਾ ਸਿਰਫ ਰਾਜਨੀਤੀ ਵਿੱਚ ਹੀ ਨਹੀਂ, ਬਲਕਿ ਬਾਲੀਵੁੱਡ ਵਿੱਚ ਵੀ ਬਹੁਤ ਮਸ਼ਹੂਰ ਸਨ।