India

ਹਰਿਆਣਾ CM ਦਾ ਸਹੁੰ ਚੁੱਕ ਸਮਾਗਮ 17 ਨੂੰ! ਤੀਜੀ ਵਾਰ ਬਦਲੀ ਤਾਰੀਖ਼, CM ਨਾਲ 10 ਮੰਤਰੀ ਚੁੱਕ ਸਕਦੇ ਸਹੁੰ

ਬਿਉਰੋ ਰਿਪੋਰਟ: ਹਰਿਆਣਾ ਦੇ ਨਵੇਂ ਮੁੱਖ ਮੰਤਰੀ ਦਾ ਸਹੁੰ ਚੁੱਕ ਸਮਾਗਮ 17 ਅਕਤੂਬਰ ਨੂੰ ਹੋਵੇਗਾ। ਇਹ ਤੀਜੀ ਵਾਰ ਹੈ ਜਦੋਂ ਸਹੁੰ ਚੁੱਕ ਸਮਾਗਮ ਦੀ ਤਾਰੀਖ਼ ਬਦਲੀ ਗਈ ਹੈ। ਪਹਿਲਾਂ ਪਤਾ ਲੱਗਾ ਸੀ ਕਿ ਸਮਾਗਮ 12 ਤੇ ਫਿਰ 15 ਅਕਤੂਬਰ ਨੂੰ ਹੋਵੇਗਾ।

11 ਅਕਤੂਬਰ ਦੀ ਸ਼ਾਮ ਨੂੰ ਕੇਂਦਰੀ ਲੀਡਰਸ਼ਿਪ ਨੇ ਨਿਗਰਾਨ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਦਿੱਲੀ ਬੁਲਾਇਆ ਸੀ। ਇੱਥੇ ਸੈਣੀ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਜਿੱਥੇ ਦੇਰ ਰਾਤ ਤੱਕ ਮੀਟਿੰਗ ਚੱਲੀ, ਜਿਸ ਵਿੱਚ ਸਹੁੰ ਚੁੱਕ ਸਮਾਗਮ ਅਤੇ ਸੈਣੀ ਮੰਤਰੀ ਮੰਡਲ ਬਾਰੇ ਚਰਚਾ ਕੀਤੀ ਗਈ। ਸੈਣੀ ਸ਼ਨੀਵਾਰ ਨੂੰ ਹਰਿਆਣਾ ਪਰਤੇ ਹਨ।

ਜਾਣਕਾਰੀ ਮੁਤਾਬਕ ਸਮਾਗਮ ਵਿੱਚ ਨਾਇਬ ਸੈਣੀ ਦੇ ਨਾਲ ਵਿਪੁਲ ਗੋਇਲ, ਮਹੀਪਾਲ ਢਾਂਡਾ, ਕ੍ਰਿਸ਼ਨ ਬੇਦੀ, ਕ੍ਰਿਸ਼ਨ ਲਾਲ ਪੰਵਾਰ, ਰਣਬੀਰ ਗੰਗਵਾ, ਸੁਨੀਲ ਸਾਂਗਵਾਨ, ਬਿਮਲਾ ਚੌਧਰੀ, ਲਕਸ਼ਮਣ ਯਾਦਵ, ਅਰਵਿੰਦ ਸ਼ਰਮਾ, ਸ਼ਿਆਮ ਸਿੰਘ ਰਾਣਾ ਵੀ ਸਹੁੰ ਚੁੱਕ ਸਕਦੇ ਹਨ।

ਇਸ ਸਮਾਗਮ ’ਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੋਂ ਇਲਾਵਾ ਅਮਿਤ ਸ਼ਾਹ ਅਤੇ ਰਾਜਨਾਥ ਸਿੰਘ ਸਮੇਤ ਕਈ ਕੇਂਦਰੀ ਮੰਤਰੀ ਅਤੇ ਭਾਜਪਾ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ।

ਸਹੁੰ ਚੁੱਕ ਸਮਾਗਮ ਪੰਚਕੂਲਾ ਦੇ ਸੈਕਟਰ 5 ਸਥਿਤ ਪਰੇਡ ਗਰਾਊਂਡ ਵਿੱਚ ਹੋਵੇਗਾ। ਇੱਥੇ ਤਿਆਰੀਆਂ ਚੱਲ ਰਹੀਆਂ ਹਨ। ਸਟੇਜ ਬਣਾਈ ਜਾ ਰਹੀ ਹੈ। ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਕਰੀਬ 10 ਹਜ਼ਾਰ ਕੁਰਸੀਆਂ ਲਗਾਈਆਂ ਜਾ ਰਹੀਆਂ ਹਨ। 11 ਅਕਤੂਬਰ ਨੂੰ ਸਾਬਕਾ ਸੰਸਦ ਮੈਂਬਰ ਸੰਜੇ ਭਾਟੀਆ ਅਤੇ ਏਡੀਜੀਪੀ ਆਲੋਕ ਮਿੱਤਲ ਨੇ ਪਰੇਡ ਗਰਾਊਂਡ ਵਿੱਚ ਤਿਆਰੀਆਂ ਦਾ ਜਾਇਜ਼ਾ ਲਿਆ ਹੈ।