Punjab

ਅੰਮ੍ਰਿਤਸਰ ’ਚ ਪੁਲਿਸ ਨੇ ਫੜੀ 72 ਕਰੋੜ ਦੀ ਹੈਰੋਇਨ! 2 ਨਸ਼ਾ ਤਸਕਰ ਮੌਕੇ ਤੋਂ ਫਰਾਰ

ਬਿਉਰੋ ਰਿਪੋਰਟ: ਸੀਆਈਏ ਸਟਾਫ਼ ਨੇ ਅੰਮ੍ਰਿਤਸਰ ਵਿੱਚ ਇੱਕ ਨਸ਼ਾ ਤਸਕਰ ਦਾ ਪਰਦਾਫਾਸ਼ ਕਰਦਿਆਂ ਵੱਡੀ ਮਾਤਰਾ ਵਿੱਚ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਦੇ ਨਾਲ ਦੋ ਮੁਲਜ਼ਮ ਵੀ ਸਨ, ਜੋ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਦੀ ਪਛਾਣ ਹੋ ਗਈ ਹੈ।

ਜਾਣਕਾਰੀ ਅਨੁਸਾਰ ਸਰਹੱਦ ਪਾਰੋਂ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਵੱਡਾ ਝਟਕਾ ਦਿੰਦਿਆਂ ਕਾਊਂਟਰ ਇੰਟੈਲੀਜੈਂਸ ਨੇ ਅੰਮ੍ਰਿਤਸਰ ਦੇ ਪਿੰਡ ਸੁੱਖੇਵਾਲਾ ਨੇੜੇ ਦੋ ਸ਼ੱਕੀ ਵਾਹਨਾਂ ਨੂੰ ਰੋਕ ਕੇ 10.4 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਇਸ ਨਸ਼ੇ ਦੀ ਕੀਮਤ 72 ਕਰੋੜ ਰੁਪਏ ਹੈ।

ਪੁਲਿਸ ਮੁਤਾਬਕ ਤਰਨਤਾਰਨ ਦਾ ਸੁਖਰਾਜ ਸਿੰਘ ਨਸ਼ੇ ਦੀ ਵੱਡੀ ਖੇਪ ਲੈ ਕੇ ਇੱਕ ਅਣਪਛਾਤੇ ਸਾਥੀ ਨਾਲ ਮਹਿੰਦਰਾ ਸਕਾਰਪੀਓ ਵਿੱਚ ਸਵਾਰ ਹੋ ਕੇ ਫ਼ਰਾਰ ਹੋ ਗਿਆ ਜਦਕਿ ਨਜਾਇਜ਼ ਨਸ਼ੀਲੇ ਪਦਾਰਥਾਂ ਵਾਲੀ ਮਾਰੂਤੀ ਸੁਜ਼ੂਕੀ ਬਲੇਨੋ ਨੂੰ ਮੌਕੇ ’ਤੇ ਕਾਬੂ ਕਰ ਲਿਆ ਗਿਆ। ਹੈਰੋਇਨ ਪੀਲੇ ਰੰਗ ਦੇ ਪੈਕਟ ਅਤੇ ਟੇਪ ਵਿੱਚ ਲਪੇਟੀ ਪਈ ਸੀ। ਜਿਸ ਨੂੰ ਖੋਲ੍ਹ ਕੇ ਤੋਲਿਆ ਗਿਆ। ਮੁਲਜ਼ਮਾਂ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਫਰਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਵੱਡੇ ਪੱਧਰ ’ਤੇ ਯਤਨ ਕੀਤੇ ਜਾ ਰਹੇ ਹਨ।

ਨਸ਼ਾ ਤਸਕਰ ਸਰਹੱਦ ਪਾਰ ਤੋਂ ਹੈਰੋਇਨ ਮੰਗਵਾਉਣ ਲਈ ਡਰੋਨ ਦੀ ਵਰਤੋਂ ਕਰਦੇ ਹਨ। ਡਰੋਨ ਤੋਂ ਹੈਰੋਇਨ ਮੰਗਵਾਉਣ ਤੋਂ ਬਾਅਦ ਥੋੜ੍ਹੀ-ਥੋੜ੍ਹੀ ਸਪਲਾਈ ਕੀਤੀ ਜਾਂਦੀ ਹੈ। ਪੰਜਾਬ ਪੁਲਿਸ ਅਤੇ ਬੀ.ਐਸ.ਐਫ ਵੱਲੋਂ ਸਰਹੱਦ ਨੇੜੇ ਸਥਿਤ ਪਿੰਡਾਂ ਵਿੱਚ ਵੀ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਜਿਸ ਵਿੱਚ ਖੇਤਾਂ ਵਿੱਚ ਪਈਆਂ ਨਸ਼ੇ ਦੀਆਂ ਖੇਪਾਂ ਨੂੰ ਜ਼ਬਤ ਕੀਤਾ ਗਿਆ ਹੈ।