India Technology

ਤ੍ਰਿਚੀ ਵਿੱਚ ਏਅਰ ਇੰਡੀਆ ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ! ਹਾਈਡ੍ਰੌਲਿਕ ਸਿਸਟਮ ਹੋਇਆ ਫੇਲ੍ਹ, 3 ਘੰਟੇ ਅਸਮਾਨ ’ਚ ਲਾਏ ਚੱਕਰ

ਬਿਉਰੋ ਰਿਪੋਰਟ: ਤਿਰੂਚਲਾਪੱਲੀ ਤੋਂ ਸ਼ਾਰਜਾਹ ਜਾ ਰਹੀ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ ਹੈ। ਸ਼ਾਮ 5.40 ’ਤੇ ਉਡਾਣ ਭਰਦੇ ਹੀ ਜਹਾਜ਼ ਦਾ ਹਾਈਡ੍ਰੌਲਿਕ ਸਿਸਟਮ ਫੇਲ੍ਹ ਹੋ ਗਿਆ। ਇਸ ਤੋਂ ਬਾਅਦ ਜਹਾਜ਼ ਕਰੀਬ 3 ਘੰਟੇ ਤੱਕ ਅਸਮਾਨ ’ਚ ਚੱਕਰ ਲਾਉਂਦਾ ਰਿਹਾ। ਇਸ ਤੋਂ ਬਾਅਦ ਕਰੀਬ 8.15 ਵਜੇ ਜਹਾਜ਼ ਸੁਰੱਖਿਅਤ ਲੈਂਡ ਕਰਵਾਇਆ ਗਿਆ।

ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ AXB 613 ਵਿੱਚ 141 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਵਾਰ ਸਨ। ਖਰਾਬੀ ਦਾ ਪਤਾ ਲੱਗਦੇ ਹੀ ਏਅਰਪੋਰਟ ’ਤੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ। ਜਾਣਕਾਰੀ ਮੁਤਾਬਕ ਪਾਇਲਟ ਜਹਾਜ਼ ’ਚ ਮੌਜੂਦ ਤੇਲ ਨੂੰ ਘੱਟ ਕਰਨ ਲਈ ਅਸਮਾਨ ਵਿੱਚ ਚੱਕਰ ਲਗਾ ਰਿਹਾ ਸੀ।

ਜਾਣਕਾਰੀ ਮੁਤਾਬਕ ਪਾਇਲਟ ਵੱਲੋਂ ਐਮਰਜੈਂਸੀ ਸੰਦੇਸ਼ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਹਵਾਈ ਅੱਡੇ ’ਤੇ ਤਾਇਨਾਤ ਕਰ ਦਿੱਤਾ ਗਿਆ। ਨਾਲ ਹੀ ਐਮਰਜੈਂਸੀ ਬਚਾਅ ਟੀਮ ਨੂੰ ਵੀ ਤਿਆਰ ਰੱਖਿਆ ਗਿਆ ਸੀ। ਪੂਰੇ ਏਅਰਪੋਰਟ ਸਟਾਫ ਨੂੰ ਅਲਰਟ ’ਤੇ ਰੱਖਿਆ ਗਿਆ ਸੀ। ਜਿਵੇਂ ਹੀ ਏਅਰ ਟ੍ਰੈਫਿਕ ਕੰਟਰੋਲ ਦੁਆਰਾ ਲੈਂਡਿੰਗ ਦਾ ਐਲਾਨ ਕੀਤਾ ਗਿਆ, ਇਸਦੀ ਲੈਂਡਿੰਗ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਕੀਤੀ ਗਈ।