Punjab

ਪੰਚਾਇਤੀ ਚੋਣਾਂ ਦੀਆਂ ਨਾਮਜ਼ਦਗੀਆਂ, ਪੋਲਿੰਗ ਤੇ ਗਿਣਤੀ ਦੀ ਵੀਡੀਓ ਰਿਕਾਰਡਿੰਗ ਲਾਜ਼ਮੀ! ਕਾਂਗਰਸ ਨੇ ਚੋਣ ਕਮਿਸ਼ਨ ਦੇ ਫੈਸਲੇ ਦਾ ਕੀਤਾ ਸਵਾਗਤ

ਬਿਉਰੋ ਰਿਪੋਰਟ: ਪੰਜਾਬ ਚੋਣ ਕਮਿਸ਼ਨ ਵੱਲੋਂ ਪੰਚਾਇਤੀ ਚੋਣਾਂ ਦੌਰਾਨ ਨਾਮਜ਼ਦਗੀਆਂ, ਪੋਲਿੰਗ ਅਤੇ ਗਿਣਤੀ ਪ੍ਰਕਿਰਿਆਵਾਂ ਦੌਰਾਨ ਵੀਡੀਓਜ਼ ਦੀ ਰਿਕਾਰਡਿੰਗ ਨੂੰ ਲਾਜ਼ਮੀ ਕਰਨ ਵਾਲੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਪੰਜਾਬ ਕਾਂਗਰਸ ਵੱਲੋਂ ਕਮਿਸ਼ਨ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ ਹੈ। ਵਿਰੋਧੀ ਧਿਰ ਦੇ ਆਗੂ ਪਰਤਾਪ ਸਿੰਘ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਨੋਟੀਫਿਕੇਸ਼ਨ ਦੀ ਫੋਟੋ ਸ਼ੇਅਰ ਕਰਦਿਆਂ ਇਸਦੀ ਹਮਾਇਤ ਕੀਤੀ ਹੈ।

Image

ਬਾਜਵਾ ਨੇ ਲਿਖਿਆ, “ਮੈਂ ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਨਾਮਜ਼ਦਗੀ, ਪੋਲਿੰਗ ਅਤੇ ਗਿਣਤੀ ਪ੍ਰਕਿਰਿਆਵਾਂ ਦੌਰਾਨ ਵੀਡੀਓਜ਼ ਦੀ ਰਿਕਾਰਡਿੰਗ ਨੂੰ ਲਾਜ਼ਮੀ ਕਰਨ ਵਾਲੀ ਤਾਜ਼ਾ ਨੋਟੀਫਿਕੇਸ਼ਨ ਦਾ ਸੁਆਗਤ ਕਰਦਾ ਹਾਂ। ਇਹ ਪਾਰਦਰਸ਼ਤਾ ਵੱਲ ਇੱਕ ਸਕਾਰਾਤਮਕ ਕਦਮ ਹੈ; ਹਾਲਾਂਕਿ, ਇਹ ਲਾਜ਼ਮੀ ਹੈ ਕਿ ਇਸ ਨਿਰਦੇਸ਼ ਦੀ ਭਾਵਨਾ ਨਾਲ ਪਾਲਣਾ ਕੀਤੀ ਜਾਵੇ, ਨਾ ਕਿ ਸਿਰਫ਼ ਅੱਖਰਾਂ ਵਿੱਚ।”

ਉਨ੍ਹਾਂ ਅੱਗੇ ਲਿਖਿਆ ਕਿ ਇਹ ਯਕੀਨੀ ਕਰਨਾ ਕਮਿਸ਼ਨ ਦਾ ਫਰਜ਼ ਹੈ ਕਿ ਹਰੇਕ ਵਿਅਕਤੀ ਦੇ ਮੌਲਿਕ ਅਧਿਕਾਰਾਂ-ਚੋਣਾਂ ਲੜਨ ਅਤੇ ਵੋਟ ਪਾਉਣ ਦੀ ਬਿਨਾਂ ਕਿਸੇ ਡਰ ਜਾਂ ਡਰ ਦੇ ਰਾਖੀ ਕੀਤੀ ਜਾਵੇ। ਤਦ ਹੀ ਅਸੀਂ ਲੋਕਤੰਤਰ ਦੇ ਸਿਧਾਂਤਾਂ ਨੂੰ ਸੱਚਮੁੱਚ ਬਰਕਰਾਰ ਰੱਖ ਸਕਦੇ ਹਾਂ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਯਕੀਨੀ ਬਣਾ ਸਕਦੇ ਹਾਂ।”

ਦੱਸ ਦੇਈਏ ਪਿਛਲੇ ਦਿਨੀਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਦੌਰਾਨ ਪੰਜਾਬ ਵਿੱਚ ਕਈ ਥਾਈਂ ਹਿੰਸਕ ਝੜਪਾਂ ਤੇ ਗੋਲ਼ੀ ਚੱਲਣ ਦੀਆਂ ਘਟਨਾਵਾਂ ਵਾਪਰੀਆਂ ਸਨ ਜਿਸ ਬਾਰੇ ਬਹੁਤ ਸਾਰੀਆਂ ਸ਼ਿਕਾਇਤਾਂ ਅਦਾਲਤ ਤੇ ਚੋਣ ਕਮਿਸ਼ਨ ਨੂੰ ਕੀਤੀਆਂ ਗਈਆਂ। ਹਾਈਕੋਰਟ ਨੇ ਵੀ ਇਸ ਮਾਮਲੇ ਵਿੱਚ ਉਨ੍ਹਾਂ ਸਾਰੇ ਪਿੰਡਾਂ ਵਿੱਚ ਪੰਚਾਇਤੀ ਚੋਣਾਂ ’ਤੇ ਰੋਕ ਲਾ ਦਿੱਤੀ ਜਿਨ੍ਹਾਂ ਨੇ ਇਸ ਸਬੰਧੀ ਕੋਰਟ ਵਿੱਚ ਪਟੀਸ਼ਨਾਂ ਦਾਖ਼ਲ ਕੀਤੀਆਂ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਚੋਣਾਂ ਦੀ ਹਰੇਕ ਪ੍ਰਕਿਰਿਆ ਦੀ ਵੀਡੀਓ ਰਿਕਾਰਡਿੰਗ ਲਾਜ਼ਮੀ ਕਰਨ ਵਾਲਾ ਫੈਸਲਾ ਕੀਤਾ ਹੈ।