Punjab

ਸਕੂਲੀ ਵਿਦਿਆਰਥੀਆਂ ਦੇ ਕੜੇ ਲੁਹਾਉਣ ਵਾਲੀ ਪ੍ਰਿੰਸੀਪਲ ਨੌਕਰੀ ਤੋਂ ਬਰਖ਼ਾਸਤ !

ਜਲੰਧਰ ਸੀਜੇਐੱਸ ਪਬਲਿਕ ਸਕੂਲ ਵਿੱਚ ਵਿਦਿਆਰਥੀਆਂ ਦੇ ਕੜੇ ਲੁਹਾਉਣ ਦਾ ਫ਼ੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵੱਲੋਂ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਨਾਲ ਕਥਿਤ ਬਦਤਮੀਜ਼ੀ ਕਰਨ ’ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਹੈ। ਇਸ ਮਗਰੋ ਮੈਨੇਜਮੈਂਟ ਨੇ ਜਥੇਬੰਦੀਆਂ ਦੇ ਆਗੂਆਂ ਕੋਲੋਂ ਮੁਆਫ਼ੀ ਵੀ ਮੰਗ ਲਈ ਹੈ।

ਅੱਗੇ ਤੋਂ ਅਜਿਹਾ ਨਾ ਕਰਨ ਦਾ ਭਰੋਸਾ ਦੇਣ ਉਪਰੰਤ ਜਥੇਬੰਦੀਆਂ ਦੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਮਾਮਲਾ ਪੁਲਿਸ ਤੱਕ ਪਹੁੰਚਣ ’ਤੇ ਪ੍ਰਿੰਸੀਪਲ ਵੱਲੋਂ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮੁਆਫ਼ੀ ਮੰਗੀ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸ ਦੇ ਜ਼ਬਰਦਸਤੀ ਕੜੇ ਉਤਰਵਾ ਲਏ ਜਾਂਦੇ ਸੀ।

ਸਿੱਖ ਤਾਲਮੇਲ ਕਮੇਟੀ ਨੂੰ ਇਸ ਦੀ ਸੂਚਨਾ ਮਿਲਦਿਆਂ ਹੀ ਇਸ ਦੇ ਮੈਂਬਰ ਸੀ.ਜੇ.ਐਸ ਪਬਲਿਕ ਸਕੂਲ ਪਹੁੰਚ ਗਏ। ਜਦੋਂ ਸਾਰੇ ਮੈਂਬਰਾਂ ਨੇ ਸਕੂਲ ਜਾ ਕੇ ਬੱਚਿਆਂ ਨਾਲ ਗੱਲਬਾਤ ਕੀਤੀ ਤਾਂ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ 500 ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾਂਦਾ ਹੈ। ਬੱਚਿਆਂ ਨੇ ਮੈਂਬਰਾਂ ਨੂੰ ਦੱਸਿਆ ਕਿ ਪ੍ਰਬੰਧਕਾਂ ਨੇ ਇੱਕ ਵੱਡਾ ਬੋਰਡ ਬਣਾਇਆ ਹੈ ਜਿੱਥੇ ਬੱਚਿਆਂ ਦੇ ਕੜੇ ਟੰਗੇ ਹੋਏ ਹਨ, ਜਿਸ ਨੂੰ ਕਮੇਟੀ ਮੈਂਬਰਾਂ ਨੇ ਖੁਦ ਦੇਖਿਆ।

ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਹਰਪ੍ਰੀਤ ਸਿੰਘ ਨੀਟੂ ਨੇ ਕਿਹਾ ਕਿ ਸੀਜੇਐਸ ਪਬਲਿਕ ਸਕੂਲ ਨੇ ਬੱਚਿਆਂ ਨੂੰ ‘ਕੜਾ’ ਪਹਿਨਣ ’ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਦਾ ਅਸੀਂ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਸਕੂਲ ਨੇ ਬੱਚਿਆਂ ਨੂੰ ਕੜਾ ਪਹਿਨਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੱਚੇ ਸਕੂਲ ਵਿੱਚ ਕੋਈ ਕੜਾ ਨਹੀਂ ਪਹਿਨ ਸਕਦੇ।

ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸੀਪਲ ਨੇ ਹੱਥ ਜੋੜ ਕੇ ਆਪਣੀ ਗਲਤੀ ਲਈ ਮੁਆਫੀ ਮੰਗੀ ਅਤੇ ਜੀਵਨ ਵਿੱਚ ਅਜਿਹੀ ਗਲਤੀ ਕਦੇ ਨਹੀਂ ਕਰਨ ਦਾ ਵਾਅਦਾ ਕੀਤਾ। ਇਸ ਤੋਂ ਬਾਅਦ ਸਕੂਲ ਪ੍ਰਬੰਧਕ ਨੇ ਪ੍ਰਿੰਸੀਪਲ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ। ਉਨ੍ਹਾਂ ਸਕੂਲ ਮੈਨੇਜਮੈਂਟ ਦੀ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਸਮੁੱਚੇ ਸਿੱਖ ਜਗਤ ਤੋਂ ਮੁਆਫੀ ਮੰਗੀ ਅਤੇ ਭਵਿੱਖ ਵਿੱਚ ਸਿੱਖ ਭਾਵਨਾਵਾਂ ਦਾ ਪੂਰਾ ਸਤਿਕਾਰ ਕਰਨ ਦਾ ਭਰੋਸਾ ਦਿੱਤਾ।