International

ਇਜ਼ਰਾਇਲੀ ਹਮਲਿਆਂ ਕਾਰਨ ਲੇਬਨਾਨ ‘ਚ 2 ਹਜ਼ਾਰ ਲੋਕਾਂ ਦੀ ਮੌਤ,10 ਹਜ਼ਾਰ ਤੋਂ ਵੱਧ ਜ਼ਖਮੀ

ਲੇਬਨਾਨ ਵਿੱਚ ਇਜ਼ਰਾਇਲੀ ਹਮਲਿਆਂ ਵਿੱਚ ਹੁਣ ਤੱਕ 2 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। 10 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਜ਼ਰਾਈਲ ਟਾਈਮਜ਼ ਦੀ ਖ਼ਬਰ ਮੁਤਾਬਕ ਇਜ਼ਰਾਈਲ ਨੇ ਪਿਛਲੇ 10 ਦਿਨਾਂ ‘ਚ ਲੇਬਨਾਨ ‘ਤੇ 1100 ਤੋਂ ਵੱਧ ਹਵਾਈ ਹਮਲੇ ਕੀਤੇ ਹਨ।

ਦੂਜੇ ਪਾਸੇ ਹਿਜ਼ਬੁੱਲਾ ਨੇ ਵੀ ਕੱਲ੍ਹ ਇਜ਼ਰਾਈਲ ‘ਤੇ ਕਈ ਰਾਕੇਟ ਦਾਗੇ। ਇਜ਼ਰਾਈਲ ਦੇ ਕਿਰਿਆਤ ਸ਼ਮੋਨਾ ਇਲਾਕੇ ‘ਤੇ ਰਾਕੇਟ ਹਮਲੇ ‘ਚ ਦੋ ਇਜ਼ਰਾਇਲੀ ਨਾਗਰਿਕ ਮਾਰੇ ਗਏ। ਇਨ੍ਹਾਂ ਵਿੱਚ ਇੱਕ ਔਰਤ ਅਤੇ ਇੱਕ ਪੁਰਸ਼ ਸ਼ਾਮਲ ਹੈ, ਜਿਨ੍ਹਾਂ ਦੀ ਉਮਰ 40 ਸਾਲ ਦੇ ਕਰੀਬ ਸੀ। ਆਈਡੀਐਫ ਦੇ ਅਨੁਸਾਰ, ਹਿਜ਼ਬੁੱਲਾ ਨੇ ਖੇਤਰ ਵਿੱਚ ਲਗਭਗ 20 ਰਾਕੇਟ ਦਾਗੇ।

ਕੱਲ੍ਹ ਸ਼ਾਮ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਫੋਨ ‘ਤੇ ਗੱਲਬਾਤ ਕੀਤੀ। ਇਹ ਗੱਲਬਾਤ ਕਰੀਬ 50 ਮਿੰਟ ਤੱਕ ਚੱਲੀ। ਨੇਤਨਯਾਹੂ ਅਤੇ ਬਿਡੇਨ ਨੇ ਅਗਸਤ ਤੋਂ ਬਾਅਦ ਪਹਿਲੀ ਵਾਰ ਗੱਲਬਾਤ ਕੀਤੀ ਹੈ।