ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਵੀਂ ਮੁਸੀਬਤ ਵਿੱਚ ਘਿਰ ਗਏ ਹਨ। ਦਰਅਸਲ ‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੇ ਆਗੂਆਂ ਨੇ ਉਨ੍ਹਾਂ ’ਤੇ ਆਪਣੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਲਾਇਆ ਹੈ।
‘ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ’ ਦੇ ਆਗੂਆਂ ਮਨਜੀਤ ਸਿੰਘ, ਇੰਦਰਮੋਹਨ ਸਿੰਘ ਲਖਮੀਰਵਾਲਾ, ਜਸਵੰਤ ਸਿੰਘ ਪੂੜੈਣ, ਮਲਕੀਤ ਕੌਰ ਕਮਾਲਪੁਰ ਆਦਿ ਨੇ ਕਿਹਾ ਕਿ ਜਦੋਂ ਅਚਾਨਕ ਉਨ੍ਹਾਂ ਸਾਹਮਣੇ ਸੁਖਬੀਰ ਸਿੰਘ ਬਾਦਲ ਦੀਆਂ ਇੱਕ ਧਰਨੇ ’ਚ ਸ਼ਮੂਲੀਅਤ ਦੀਆਂ ਤਸਵੀਰਾਂ ਆਈਆਂ ਤਾਂ ਉਨ੍ਹਾਂ ਨੂੰ ਬੜਾ ਦੁੱਖ ਹੋਇਆ। ਉਨ੍ਹਾਂ ਸਾਬਿਤ ਕਰ ਦਿੱਤਾ ਕਿ ਉਨ੍ਹਾਂ ਲਈ ਮੀਰੀ-ਪੀਰੀ ਦੇ ਸਿਧਾਂਤ ਦਾ ਕੋਈ ਮਤਲਬ ਨਹੀਂ ਹੈ।
ਦੂਜੇ ਪਾਸੇ ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਸੁਖਬੀਰ ਬਾਦਲ ਨੇ ਲੋਕਤੰਤਰ ਦੇ ਹੁੰਦੇ ਘਾਣ ਵਿਰੁੱਧ ਤੇ ਜਨਤਕ ਹਿੱਤਾਂ ਦੀ ਰਾਖੀ ਲਈ ਸ੍ਰੀ ਮੁਕਤਸਰ ਸਾਹਿਬ ਵਿਖੇ ਇੱਕ ਧਰਨੇ ’ਚ ਸ਼ਮੂਲੀਅਤ ਕੀਤੀ ਸੀ। ਉਨ੍ਹਾਂ ਪਾਰਟੀ ਪ੍ਰਧਾਨ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀ ਉਲੰਘਣਾ ਕਰਨ ਦਾ ਇਲਜ਼ਾਮ ਨਕਾਰ ਦਿੱਤਾ ਹੈ।