Punjab

‘ਪੰਜਾਬ ਵਿੱਚ ਆੜ੍ਹਤੀਆਂ ਦੇ ਜ਼ਰੀਏ ਅਨਾਜ ਦੀ ਖਰੀਦ ਹੋਏ ਬੰਦ’! ਪੰਜਾਬ ਦੀ ਸਭ ਤੋਂ ਵੱਡੀ ਕਿਸਾਨ ਜਥੇਬੰਦੀ ਦੀ ਮੰਗ

ਬਿਉਰੋ ਰਿਪੋਰਟ – ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ (PUNJAB AGRICULTURE MINISTER GURMEET SINGH KUDIYA) ਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ (BKU UGRAHAN) ਨੇ ਨਾਲ ਨਵੀਂ ਖੇਤੀਬਾੜੀ ਨੀਤੀ (AGRICULTURE POLICY) ਨੂੰ ਲੈਕੇ ਮੀਟਿੰਗ ਹੋਈ । ਖੁੱਡੀਆ ਨੇ ਦੱਸਿਆ ਕਿ ਕਿਸਾਨਾਂ ਨੇ ਕੁਝ ਨੁਕਤੇ ਸਾਂਝੇ ਕੀਤੇ ਹਨ ਜਿਸ ‘ਤੇ ਪੰਚਾਇਤੀ ਚੋਣਾਂ ਤੋਂ ਬਾਅਦ ਮੁੜ ਤੋਂ ਮੀਟਿੰਗ ਹੋਵੇਗੀ । ਉਧਰ ਮੀਟਿੰਗ ਤੋਂ ਬਾਅਦ ਕਿਸਾਨ ਯੂਨੀਅਨ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਆਪਣਾ ਪੱਖ ਰੱਖਿਆ

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਨੇ ਦੱਸਿਆ ਕਿ 200 ਸਫਿਆਂ ਦੀ ਰਿਪੋਰਟ ਪੜ੍ਹਨ ਤੋਂ ਕੁਝ ਹਾਂ ਪੱਖੀ ਚੀਜ਼ਾ ਵੀ ਹਨ ਜਦਕਿ ਕੁਝ ਸੁਝਾਅ ਅਸੀਂ ਸਰਕਾਰ ਨੂੰ ਦਿੱਤੇ ਹਨ । ਉਨ੍ਹਾਂ ਦੱਸਿਆ ਕਿ ਜਨਤਕ ਵੰਡ ਪ੍ਰਣਾਲੀ,ਮੰਗਰੇਗਾ ਦੇ ਹਫਤੇ ਵਧਾਉਣ,ਛੋਟੇ ਅਤੇ ਮਜ਼ਦੂਰਾਂ ਨੂੰ 60 ਸਾਲ ਦੀ ਉਮਰ ਵਿੱਚ ਪੈਨਸ਼ਨ ਦੇਣ ਦੀ ਤਜਵੀਜ਼ ਤੋਂ ਅਸੀਂ ਸਹਿਮਤ ਹਾਂ ।

ਇਸ ਤੋਂ ਇਲਾਵਾ ਉਗਰਾਹਾਂ ਜਥੇਬੰਦੀ ਨੇ ਮੰਗ ਕੀਤੀ ਜ਼ਮੀਨੀ ਦੇ ਮਾਲਕੀ ਹੱਕ,ਲੈਂਡ ਬੈਂਕ ਸਬੰਧੀ ਵਰਲਡ ਬੈਂਕ ਦੀ ਹਦਾਇਤਾਂ ਨੂੰ ਰੱਦ ਕੀਤਾ ਜਾਵੇ । ਕਿਸਾਨਾਂ ਨੇ ਵਰਲਡ ਬੈਂਕ ਦੀ ਪਾਣੀ ਨੀਤੀ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਹੈ । ਕਰਜ਼ਿਆਂ ਦੇ ਬਦਲੇ ਘਰਾਂ ਅਤੇ ਜ਼ਮੀਨ ਦੀ ਕੁਰਕੀ ਨੂੰ ਰੱਦ ਕੀਤਾ ਜਾਵੇ । ਜਿਹੜੇ ਬੈਂਕ ਜਾਂ ਫਿਰ ਸੂਦ ਖੋਰ ਖਾਲੀ ਚੈੱਕ ਭਰਵਾਉਂਦੇ ਹਨ ਉਨ੍ਹਾਂ ਦੀ ਮਾਨਤਾ ਖਾਰਿਜ ਕੀਤੀ ਜਾਣੀ ਚਾਹੀਦੀ ਹੈ । ਇਸ ਤੋਂ ਇਲਾਵਾ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਨੂੰ ਯਕੀਨੀ ਬਣਾਇਆ ਜਾਵੇ । ਆੜ੍ਹਤੀਆਂ ਦੀ ਵਿਚੋਲਗੀ ਨੂੰ ਖਤਮ ਕਰਕੇ ਸਰਕਾਰ ਕਿਸਾਨਾਂ ਤੋਂ ਸਿੱਧੀ ਖਰੀਦ ਕਰੇ । ਝੋਨੇ ਨੂੰ ਘੱਟ ਕਰਨ ਦੇ ਲਈ ਦੂਜੀ ਫਸਲਾਂ ਵੱਲ ਜਾਣ ਲਈ ਸਰਕਾਰ ਵਿੱਤੀ ਸਹਾਇਤਾ ਦੇਵੇ । ਉਗਰਾਹਾਂ ਜਥੇਬੰਦੀ ਨੇ ਮੰਗ ਕੀਤੀ ਹੈ ਸਾਹੂਕਾਰਾਂ ਅਤੇ ਕਾਰਪੋਰੇਟਰਾਂ ‘ਤੇ ਸਿੱਧੇ ਟੈਕਸ ਲਗਾਏ ਜਾਣੇ ਚਾਹੀਦੇ ਹਨ ।