India

ਜੰਮੂ-ਕਸ਼ਮੀਰ ਦੇ ਅਗਲੇ ਮੁੱਖ ਮੰਤਰੀ ਦਾ ਨਾਂ ਤੈਅ ! ਹਾਰ ਤੋਂ ਬਾਅਦ ਬੀਜੇਪੀ ਦੇ ਪ੍ਰਧਾਨ ਨੇ ਦਿੱਤਾ ਅਸਤੀਫਾ

ਬਿਉਰੋ ਰਿਪੋਰਟ – ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਨੈਸ਼ਨਲ ਕਾਂਫਰੰਸ (CONGRESS AND NC) ਨੇ 90 ਵਿੱਚੋਂ 49 ਸੀਟਾਂ ਹਾਸਲ ਕਰਕੇ ਅਗਲੀ ਸਰਕਾਰ ਬਣਾਉਣ ਦਾ ਰਸਤਾ ਸਾਫ ਕਰ ਲਿਆ ਹੈ । ਨੈਸ਼ਨਲ ਕਾਂਫਰੰਸ ਨੇ ਕਸ਼ਮੀਰ ਵਿੱਚ ਕਲੀਨ ਸਵੀਪ ਕੀਤਾ ਹੈ । ਕੁੱਲ 47 ਵਿੱਚੋਂ 41 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ । ਜਦਕਿ ਜੰਮੂ ਵਿੱਚ ਗਠਜੋੜ ਦੇ ਖਾਤੇ ਵਿੱਚ ਸਿਰਫ਼ 8 ਸੀਟਾਂ ਹੀ ਹੱਥ ਲੱਗੀਆਂ ਹਨ । ਬੀਜੇਪੀ ਦਾ ਕਸ਼ਮੀਰ ਵਿੱਚ ਇਸ ਵਾਰ ਵੀ ਖਾਤਾ ਨਹੀਂ ਖੁੱਲ੍ਹਿਆ ਪਰ ਜੰਮੂ ਵਿੱਚ 43 ਵਿੱਚੋਂ 29 ਸੀਟਾਂ ਤੇ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ । PDP ਨੇ 3 ਅਤੇ OTHERS ਨੇ 9 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ ।ਉਧਰ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਐਲਾਨ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਪੁੱਤਰ ਉਮਰ ਅਬਦੁੱਲਾ ਹੀ ਜੰਮੂ-ਕਸ਼ਮੀਰ ਦਾ ਅਗਲਾ ਮੁੱਖ ਮੰਤਰੀ ਹੋਵੇਗਾ । ਉਮਰ ਅਬਦੁੱਲਾ ਦੂਜੀ ਵਾਰ ਸੂਬੇ ਦੀ ਕਮਾਨ ਸੰਭਾਲਣਗੇ ।

ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਨੇ ਕਿਹਾ ਕਿ ਵਿਧਾਨ ਸਭਾ ਚੋਣ ਨਤੀਜੇ ਇਸ ਗੱਲ ਦਾ ਸਬੂਤ ਹਨ ਕਿ ਜੰਮੂ-ਕਸ਼ਮੀਰ ਦੇ ਲੋਕ ਧਾਰਾ 370 ਨੂੰ ਰੱਦ ਕਰਨ ਦੇ ਖਿਲਾਫ ਸਨ। ਉਨ੍ਹਾਂ ਕਿਹਾ ਕਿ ਲੋਕਾਂ ਨੇ ਅਪਣਾ ਫੈਸਲਾ ਦੇ ਦਿੱਤਾ ਹੈ ਅਤੇ ਸਾਬਤ ਕਰ ਦਿਤਾ ਹੈ ਕਿ 5 ਅਗੱਸਤ 2019 ਨੂੰ ਲਏ ਗਏ ਫੈਸਲੇ ਉਨ੍ਹਾਂ ਨੂੰ ਮਨਜ਼ੂਰ ਨਹੀਂ ਹਨ। ਉਨ੍ਹਾਂ ਕਿਹਾ, ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਲੋਕਾਂ ਨੇ ਚੋਣਾਂ ’ਚ ਹਿੱਸਾ ਲਿਆ ਅਤੇ ਆਜ਼ਾਦੀ ਨਾਲ ਵੋਟ ਪਾਈ। ਮੈਂ ਨਤੀਜਿਆਂ ਲਈ ਰੱਬ ਦਾ ਸ਼ੁਕਰਗੁਜ਼ਾਰ ਹਾਂ।

ਉਧਰ ਜੰਮੂ-ਕਸ਼ਮੀਰ ਵਿੱਚ ਬੀਜੇਪੀ ਦੇ ਪ੍ਰਧਾਨ ਰਵਿੰਦਰ ਰੈਨਾ ਆਪ ਨੌਸ਼ੇਰਾ ਤੋਂ ਚੋਣ ਹਾਰ ਗਏ ਹਨ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ ।