Punjab

CM ਮਾਨ ਦੇ ਐਡਵਾਈਜ਼ਰ ਨੂੰ ਲੈ ਕੇ ਮਜੀਠੀਆ ਨੇ ਕੇਂਦਰ ਸਰਕਾਰ ਨੂੰ ਕੀਤੀ ਇਹ ਅਪੀਲ

Amritsar : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ਪੰਚਾਇਤੀ ਚੋਣਾਂ ਵਿੱਚ ਹਾਕਮ ਧਿਰ ਵੱਲੋਂ ਤਾਕਤ ਅਤੇ ਪੈਸੇ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਉਹ ਲੰਘੇ ਕੱਲ ਅੰਮ੍ਰਿਤਸਰ ਅਦਾਲਤ ਵਿੱਚ ਮਾਣਹਾਨੀ ਮਾਮਲੇ ਵਿੱਚ ਪੇਸ਼ੀ ਲਈ ਪੁੱਜੇ ਸਨ। ਮੀਡੀਆ ਨਾਲ ਗੱਲ ਕਰਦਿਆਂ ਮਜੀਠੀਆ ਨੇ ਮੁੱਖ ਮੰਤਰੀ ਦਫਤਰ ’ਚ ਡਾਇਰੈਕਟਰ ਸੰਚਾਰ ਨਵਨੀਤ ਵਧਵਾ ਦੇ ਦਿੱਤੇ ਅਸਤੀਫ਼ਾ ਬਾਰੇ ਬੋਲਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਐਡਵਾਈਜ਼ਰ ਹਵਾਲਾ ਰਾਹੀਂ ਪੈਸਾ ਕਨੇਡਾ ਅਤੇ ਆਸਟਰੇਲੀਆ ਭੇਜ ਚੁੱਕੇ ਹਨ।

ਉਨ੍ਹਾਂ ਨੇ ਕਿਹਾ ਕਿ ਜਿਵੇਂ ਨਵਨੀਤ ਵਧਵਾ ਨੂੰ ਹਟਾਇਆ ਗਿਆ ਹੈ ਜਲਦ ਹੀ ਬਲਤੇਜ ਪੰਨੂ ਨੂੰ ਵੀ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਭਗਵੰਤ ਮਾਨ ਦੇ ਐਡਵਾਈਜ਼ਰ ਨੂੰ LOC ਜਾਰੀ ਕੀਤੀ ਜਾਵੇ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ। ਮਜੀਠੀਆ ਨੇ ਕਿਹਾ ਕਿ ਹੁਣ ਦੇਖਣਾ ਇਹ ਹੈ ਕਿ ਪਹਿਲਾਂ ਐਡਵਾਈਜ਼ਰ ਭੱਜਦੇ ਹਨ ਜਾਂ ਮੁੱਖ ਮੰਤਰੀ ਦਾ LIVER TRANSPLANT ਹੁੰਦਾ ਹੈ।

ਇੱਕ ਹੋਰ ਟਵੀਟ ਕਰਦਿਆਂ ਮਜੀਠੀਆ ਨੇ ਮੁੱਖ ਮੰਤਰੀ ਮਾਨ ‘ਤੇ ਪੰਜਾਬ ਸਿਰ ਚੜ੍ਹੇ ਕਰਜ਼ੇ ਨੂੰ ਲੈ ਕੇ ਤੰਜ ਕੱਸਿਆ ਹੈ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ ਵੱਲੋਂ ਪੰਜਾਬ ਨੂੰ ਹੋਰ ਕਰਜ਼ਈ ਕਰਨ ਦਾ ਕੰਮ ਜਾਰੀ। ਹੁਣ ਚੁੱਕਿਆ 1150 ਕਰੋੜ ਰੁਪਏ ਦਾ ਨਵਾਂ ਕਰਜ਼ਾ। ਹੁਣ ਤੱਕ ਪੰਜਾਬ ਸਿਰ 3.85 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਹੈ ਅਤੇ ਹਰ ਮਹੀਨੇ ਸਰਕਾਰ ਖਰਚੇ ਲਈ 1500 ਤੋਂ 2000 ਕਰੋੜ ਦਾ ਕਰਜ਼ਾ ਚੁੱਕ ਰਹੀ ਹੈ।

ਉਨ੍ਹਾਂ ਨੇ ਕਿਹਾ ਕਿ ਪਿਛਲੇ 2.5 ਸਾਲਾਂ ਵਿਚ ਸਿਵਾਏ ਨਵਾਂ ਕਰਜ਼ਾ ਚੁੱਕਣ ਦੇ ਹੋਰ ਭਗਵੰਤ ਮਾਨ ਸਰਕਾਰ ਨੇ ਕੱਖ ਨਹੀਂ ਕੀਤਾ।

ਨਾ ਸੂਬੇ ਵਿਚ ਕੋਈ ਵਿਕਾਸ ਕਾਰਜ, ਨਾ ਕੋਈ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ, ਨਾ ਕੋਈ ਨਵਾਂ ਉਦਯੋਗਿਕ ਨਿਵੇਸ਼। ਉਦਯੋਗਪਤੀ ਤੇ ਵਪਾਰੀਆਂ ਸਮੇਤ ਆਮ ਆਦਮੀ ਵੀ ਗੈਂਗਸਟਰਾਂ ਤੋਂ ਸਹਿਮੇ ਕਰਜ਼ਾ ਚੁੱਕ-ਚੁੱਕ ਸਿਵਾਏ ਅਰਵਿੰਦ ਕੇਜਰੀਵਾਲ ਦੀ ਸੇਵਾ ਕਰਨ ਦੇ ਕੋਈ ਪ੍ਰਾਪਤੀ ਨਹੀਂ। ਪੈਸਾ ਪੰਜਾਬ ਦਾ, ਮੌਜਾਂ ਦਿੱਲੀ ਵਾਲੇ ’ਸਾਹਿਬ’ ਦੀਆਂ। ਕੁਝ ਤਾਂ ਅਕਲ ’ਤੇ ਹੱਥ ਮਾਰੋ ਭਗਵੰਤ ਮਾਨ ਸਾਬ।

ਮਜੀਠੀਆ ਨੇ ਕਿਹਾ ਕਿ ਹੁਣ ਤਾਂ ਤੁਹਾਡੀ ਬਿਲਕੁਲ ਹੀ ਸੁਣਨੋਂ ਜਵਾਬ ਦੇ ਗਏ ਅਗਲੇ, ਹੁਣ ਤਾਂ ਪੰਜਾਬੀਆਂ ਦੀ ਸੁਣੋ ਜਿਹਨਾਂ ਨੇ ਤੁਹਾਨੂੰ ਕੁਰਸੀ ਬਖਸ਼ੀ ਹੈ। ਪੰਜਾਬ ਬਚਾਓ, ਪੰਜਾਬ ਲਈ ਕੰਮ ਕਰੋ! ਛੱਡੋ ਖਹਿੜਾ ਦਿੱਲੀ ਦਾ!