India

ਮੁਫ਼ਤ ਬਿਜਲੀ ਨੂੰ ਲੈ ਕੇ ਕੇਜਰੀਵਾਲ ਦਾ ਬੀਜੇਪੀ ਨੂੰ ਚੈਲੰਜ! ‘ਦਿੱਲੀ ਚੋਣਾਂ ਵਿੱਚ ਮੈਂ ਭਾਜਪਾ ਲਈ ਕਰਾਂਗਾ ਪ੍ਰਚਾਰ!’

ਬਿਉਰੋ ਰਿਪੋਰਟ: ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇ ਹਿੰਮਤ ਹੈ ਤਾਂ ਨਵੰਬਰ ’ਚ ਮਹਾਰਾਸ਼ਟਰ ਅਤੇ ਝਾਰਖੰਡ ਦੇ ਨਾਲ ਦਿੱਲੀ ’ਚ ਵੀ ਵਿਧਾਨ ਸਭਾ ਚੋਣਾਂ ਕਰਵਾ ਕੇ ਦਿਖਾਓ। ਅਸੀਂ ਚੋਣਾਂ ਲੜਨ ਲਈ ਤਿਆਰ ਹਾਂ। ਨਹੀਂ ਤਾਂ ਅਸੀਂ ਮੰਨ ਲਈਏ ਕਿ ਬੀਜੇਪੀ ਹਾਰ ਗਈ ਅਤੇ ਡਰੀ ਹੋਈ ਹੈ।

ਕੇਜਰੀਵਾਲ ਨੇ ਕਿਹਾ ਕਿ ਜੇ ਪ੍ਰਧਾਨ ਮੰਤਰੀ ਦਿੱਲੀ ਚੋਣਾਂ ਤੋਂ ਪਹਿਲਾਂ ਐਨਡੀਏ ਸ਼ਾਸਿਤ 22 ਰਾਜਾਂ ਵਿੱਚ ਮੁਫ਼ਤ ਬਿਜਲੀ ਦਾ ਐਲਾਨ ਕਰਦੇ ਹਨ ਤਾਂ ਮੈਂ ਭਾਜਪਾ ਲਈ ਪ੍ਰਚਾਰ ਕਰਾਂਗਾ। ਕੇਜਰੀਵਾਲ ਨੇ ਇਹ ਗੱਲਾਂ ਦਿੱਲੀ ਦੇ ਛਤਰਸਾਲ ਸਟੇਡੀਅਮ ’ਚ ‘ਜਨਤਾ ਕੀ ਅਦਾਲਤ’ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਹੀਆਂ।

ਕੇਜਰੀਵਾਲ ਨੇ ਕਿਹਾ, “ਮੈਂ ਕੱਲ੍ਹ ਟੀਵੀ ’ਤੇ ਐਗਜ਼ਿਟ ਪੋਲ ਦੇਖਿਆ। ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਭਾਜਪਾ ਦੀਆਂ ਡਬਲ ਇੰਜਣ ਵਾਲੀਆਂ ਸਰਕਾਰਾਂ ਦਾ ਅੰਤ ਹੋ ਰਿਹਾ ਹੈ। ਪਹਿਲਾ ਇੰਜਣ ਜੂਨ ਵਿੱਚ ਫੇਲ੍ਹ ਹੋ ਗਿਆ ਸੀ, ਜਦੋਂ ਉਨ੍ਹਾਂ ਨੂੰ 240 ਸੀਟਾਂ ਮਿਲੀਆਂ ਸਨ। ਝਾਰਖੰਡ ਅਤੇ ਮਹਾਰਾਸ਼ਟਰ ਵਿੱਚ ਵੀ ਅਜਿਹਾ ਹੀ ਹੋਵੇਗਾ। ਫਿਰ ਦੂਜਾ ਇੰਜਣ ਵੀ ਫੇਲ ਹੋ ਜਾਵੇਗਾ।”

ਉਨ੍ਹਾਂ ਕਿਹਾ ਕਿ ਡਬਲ ਇੰਜਣ ਵਾਲੀ ਸਰਕਾਰ ਦਾ ਮਤਲਬ ਹੈ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ। ਦਿੱਲੀ ਵਿੱਚ ਚੋਣਾਂ ਆ ਰਹੀਆਂ ਹਨ। ਦਿੱਲੀ ਆਉਣ ਤੋਂ ਬਾਅਦ ਉਹ (ਭਾਜਪਾ) ਕਹਿਣਗੇ ਕਿ ਡਬਲ ਇੰਜਣ ਵਾਲੀ ਸਰਕਾਰ ਬਣਾ ਲਓ। ਤੁਸੀਂ ਫਿਰ ਪੁੱਛਣਾ ਕਿ ਹਰਿਆਣਾ ਵਿੱਚ 10 ਸਾਲ ਦੋਹਰੇ ਇੰਜਣਾਂ ਦੀ ਸਰਕਾਰ ਰਹੀ, ਉਨ੍ਹਾਂ ਨੇ ਅਜਿਹਾ ਕੀ ਕੀਤਾ ਹੈ ਕਿ ਲੋਕ ਆਪਣੇ ਲੀਡਰਾਂ ਨੂੰ ਆਪਣੇ ਪਿੰਡਾਂ ਵਿੱਚ ਨਹੀਂ ਜਾਣ ਦੇ ਰਹੇ?

ਕੇਜਰੀਵਾਲ ਨੇ ਕਿਹਾ ਕਿ ਯੂਪੀ ’ਚ ਪਿਛਲੇ 7 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੈ। ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀਆਂ ਸੀਟਾਂ ਅੱਧੀਆਂ ਰਹਿ ਗਈਆਂ ਸਨ। ਮਨੀਪੁਰ ਵਿੱਚ ਵੀ 7 ਸਾਲਾਂ ਤੋਂ ਡਬਲ ਇੰਜਣ ਦੀ ਸਰਕਾਰ ਹੈ। ਮਣੀਪੁਰ ਦੋ ਸਾਲਾਂ ਤੋਂ ਸੜ ਰਿਹਾ ਹੈ।