ਬਿਉਰੋ ਰਿਪੋਰਟ: ਬਾਲੀਵੁੱਡ ਫ਼ਿਲਮ ‘ਐਨੀਮਲ’ ਦੇ ਮਸ਼ਹੂਰ ਗੀਤ ‘ਅਰਜਨ ਵੈਲੀ’ ਦੇ ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਗੱਡੀ ਹਰਿਆਣਾ-ਹੁਸ਼ਿਆਰਪੁਰ ਮੁੱਖ ਸੜਕ ’ਤੇ ਪੈਂਦੇ ਪਿੰਡ ਬਾਗਪੁਰ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿਚ ਗੱਡੀ ’ਚ ਸਵਾਰ 12 ਲੋਕਾਂ ਵਿਚੋਂ ਦੋ ਦੀ ਜਾਨ ਚਲੀ ਗਈ ਜਦਕਿ 4 ਲੋਕ ਗੰਭੀਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਚ ਦਾਖ਼ਲ ਕਰਵਾਇਆ ਗਿਆ ਹੈ। ਫਿਲਹਾਲ ਦੋ ਜਣਿਆਂ ਛੁੱਟੀ ਦੇ ਦਿੱਤੀ ਗਈ ਹੈ। ਇਕ ਦੀ ਹਾਲਤ ਨਾਜ਼ੁਕ ਹੋਣ ਕਰਕੇ ਪੀਜੀਆਈ ਚੰਡੀਗੜ੍ਹ ਵਿੱਚ ਰੈਫਰ ਕਰ ਦਿੱਤਾ ਗਿਆ।
ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਪੰਜਾਬੀ ਗਾਇਕ ਭੁਪਿੰਦਰ ਬੱਬਲ ਆਪਣੀ ਭਜਨ ਮੰਡਲੀ ਨਾਲ ਵੈਸ਼ਨੋ ਦੇਵੀ ਵਿਖੇ ਧਾਰਮਿਕ ਪ੍ਰੋਗਰਾਮ ਕਰਨ ਲਈ ਗਏ ਹੋਏ ਸਨ। ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਬੱਬਲ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਲਈ ਰਵਾਨਾ ਹੋ ਗਏ, ਜਦੋਂ ਕਿ ਮੰਡਲੀ ਦੇ ਹੋਰ ਕਲਾਕਾਰ ਟੈਂਪੂ ਟਰੈਵਲਰ ’ਚ ਚੰਡੀਗੜ੍ਹ ਲਈ ਰਵਾਨਾ ਹੋਏ।
ਜਦੋਂ ਗੱਡੀ ਸਵੇਰੇ 6.30 ਵਜੇ ਦੇ ਕਰੀਬ ਬਾਗਪੁਰ ਨੇੜੇ ਪਹੁੰਚੀ ਤਾਂ ਡਰਾਈਵਰ ਨੂੰ ਨੀਂਦ ਆ ਗਈ ਅਤੇ ਟੈਂਪੂ ਟਰੈਵਲ ਟਰੈਕਟਰ ਟਰਾਲੀ ਨਾਲ ਜਾ ਟਕਰਾਇਆ। ਤੇਜ਼ ਰਫ਼ਤਾਰ ਕਾਰਨ ਟੈਂਪੂ ਟਰੈਵਲ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਇਸ ਦਰਦਨਾਕ ਹਾਦਸੇ ’ਚ ਮੰਡਲੀ ਦੇ ਕਲਾਕਾਰ ਪਾਰਸ ਅਤੇ ਸ਼ੁਭਮ ਵਾਸੀ ਚੰਡੀਗੜ੍ਹ ਦੀ ਮੌਕੇ ’ਤੇ ਹੀ ਜਾਨ ਚਲੀ ਗਈ।