Punjab

ਨਾਮਜ਼ਦਗੀ ਪੱਤਰ ਰੱਦ ਹੋਣ ਵਾਲੇ ਉਮੀਦਵਾਰਾਂ ਨੂੰ ਇਨਸਾਫ਼ ਦਿਵਾਏਗਾ ਅਕਾਲੀ ਦਲ! ਕਾਨੂੰਨੀ ਟੀਮ ਦਾ ਕੀਤਾ ਗਠਨ, ਹਾਈਕੋਰਟ ਜਾਣ ਦੀ ਵੀ ਕਹੀ ਗੱਲ

ਬਿਉਰੋ ਰਿਪੋਰਟ: ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਸਰਪੰਚਾਂ ਅਤੇ ਪੰਚਾਂ ਦੇ ਅਹੁਦਿਆਂ ਲਈ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਰੱਦ ਹੋਣ ’ਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਮਦਦ ਕਰਨ ਤੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਲਈ ਇੱਕ ਉੱਚ ਪੱਧਰੀ ਕਾਨੂੰਨੀ ਟੀਮ ਦਾ ਗਠਨ ਕੀਤਾ ਹੈ। ਜੇ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਸਾਰੇ ਪੀੜਤ ਉਮੀਦਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਹਾਈਕੋਰਟ ਵਿੱਚ ਵਿਸਥਾਰਤ ਪਟੀਸ਼ਨ ਵੀ ਦਾਇਰ ਕਰੇਗਾ।

ਪਾਰਟੀ ਦੇ ਸਕੱਤਰ ਅਤੇ ਬੁਲਾਰੇ ਡਾ. ਦਲਜੀਤ ਚੀਮਾ ਨੇ ਆਪਣੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਦਿੱਤੀ ਹੈ ਕਿ ਕਾਨੂੰਨੀ ਵਿੰਗ ਦੇ ਪ੍ਰਧਾਨ ਅਰਸ਼ਦੀਪ ਸਿੰਘ ਕਲੇਰ ਦੀ ਅਗਵਾਈ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਈ ਸਮਰੱਥ ਵਕੀਲ ਇਸ ਟੀਮ ਵਿੱਚ ਸ਼ਾਮਲ ਹੋਣਗੇ। ਉਹ ਭਲਕੇ 7 ਅਕਤੂਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਦੇ ਸੈਕਟਰ 28 ਸਥਿਤ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਵਿਖੇ ਪੀੜਤ ਧਿਰਾਂ ਨੂੰ ਮਿਲਣਗੇ।

ਚੀਮਾ ਨੇ ਦੱਸਿਆ ਕਿ ਆਪਣੇ ਕੇਸਾਂ ਨੂੰ ਕਾਨੂੰਨੀ ਤੌਰ ’ਤੇ ਤਿਆਰ ਕਰਨ ਤੋਂ ਬਾਅਦ ਅਕਾਲੀ ਦਲ ਦਾ ਵਫ਼ਦ ਪਹਿਲਾਂ ਰਾਜ ਚੋਣ ਕਮਿਸ਼ਨ ਨੂੰ ਮਿਲੇਗਾ ਅਤੇ ਵੱਡੀ ਪੱਧਰ ’ਤੇ ਹਿੰਸਾ, ਨਾਮਜ਼ਦਗੀ ਕੇਂਦਰਾਂ ’ਤੇ ਲਾਈਨਾਂ ’ਚ ਖੜ੍ਹੇ ਉਮੀਦਵਾਰਾਂ ’ਤੇ ਹਮਲੇ ਅਤੇ ਸੱਤਾਧਾਰੀ ‘ਆਪ’ ਪਾਰਟੀ ਦੇ ਗੁੰਡਿਆਂ ਵੱਲੋਂ ਵਿਰੋਧੀ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਪਾੜਨ ਦੀ ਉੱਚ ਪੱਧਰੀ ਜਾਂਚ ਦੀ ਮੰਗ ਕਰੇਗਾ।

ਉਨ੍ਹਾਂ ਕਿਹਾ ਕਿ ਸੱਤਾਧਾਰੀ ਪਾਰਟੀ ਦੇ ਮੰਤਰੀਆਂ ਅਤੇ ਵਿਧਾਇਕਾਂ ਦੇ ਦਬਾਅ ਹੇਠ ਮਾਮੂਲੀ ਆਧਾਰ ’ਤੇ ਨਾਮਜ਼ਦਗੀਆਂ ਨੂੰ ਵੱਡੇ ਪੱਧਰ ’ਤੇ ਰੱਦ ਕਰਨਾ ਅਤੇ ਸੱਤਾ ਦੀ ਘੋਰ ਦੁਰਵਰਤੋਂ ਅਤੇ ਸੱਤਾਧਾਰੀ ‘ਆਪ’ ਦੁਆਰਾ ਲੋਕਤੰਤਰ ਦਾ ਕਤਲ ਹੈ।

ਇਸ ਸਬੰਧੀ ਅਕਾਲੀ ਦਲ ਨੇ ਸਾਰੇ ਪਾਰਟੀ ਵਰਕਰਾਂ ਅਤੇ ਆਗੂਆਂ ਨੂੰ ‘ਆਪ’ ਲੀਡਰਸ਼ਿਪ ਅਤੇ ਡਿਊਟੀ ’ਤੇ ਤਾਇਨਾਤ ਅਧਿਕਾਰੀਆਂ ਦੁਆਰਾ ਕੀਤੀਆਂ ਵਧੀਕੀਆਂ ਅਤੇ ਗ਼ਲਤ ਕੰਮਾਂ ਦੇ ਸਾਰੇ ਦਸਤਾਵੇਜ਼ਾਂ, ਵੀਡੀਓ ਕਲਿੱਪਾਂ ਅਤੇ ਹੋਰ ਸਾਰੇ ਸਬੂਤਾਂ ਦੇ ਨਾਲ ਕੱਲ੍ਹ, ਸੋਮਵਾਰ ਸਵੇਰੇ 11 ਵਜੇ ਪਾਰਟੀ ਦਫ਼ਤਰ ਵਿੱਚ ਪਹੁੰਚਣ ਦੀ ਅਪੀਲ ਕੀਤੀ ਹੈ।