Punjab

ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਪ੍ਰਵਾਸੀ ਤੈਅ ਕਰਦੇ ਹਨ ‘ਪੰਚ ਤੇ ਸਰਪੰਚ!’ ਪੰਜਾਬੀ 900 ਤੇ ਪ੍ਰਵਾਸੀ 6500

ਬਿਉਰੋ ਰਿਪੋਰਟ – ਪੰਜਾਬ ਵਿੱਚ ਪੰਚਾਇਤੀ ਚੋਣਾਂ (PUNJAB PANCHAYAT ELECTIONS 2024) ਨੂੰ ਲੈ ਕੇ ਨਾਮਜ਼ਦਗੀਆਂ (NOMINATIONS) ਖ਼ਤਮ ਹੋ ਗਈਆਂ ਹਨ ਹੁਣ ਕੱਲ੍ਹ ਨਾਂ ਵਾਪਸ ਲੈਣ ਦੀ ਤਰੀਕ ਹੈ। ਅਜਿਹੇ ਮੁਹਾਲੀ ਦੇ ਜਗਤਪੁਰਾ ਪਿੰਡ (JAGATPURA VILLAGE) ਤੋਂ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੰਜਾਬੀ ਸਰਪੰਚ ਬਣਨਾ ਤਾਂ ਮੁਸ਼ਕਿਲ ਹੋ ਗਿਆ ਹੈ, ਪੰਚ ਦੇ ਵੀ ਲਾਲੇ ਪੈ ਗਏ ਹਨ।

ਜਾਣਕਾਰੀ ਦੇ ਮੁਤਾਬਿਕ ਜਗਤਪੁਰਾ ਪਿੰਡ ਵਿੱਚ ਪੰਜਾਬੀ ਵਸਨੀਕਾਂ ਦੀਆਂ ਵੋਟਾਂ ਸਿਰਫ਼ 900 ਹਨ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਹਨ, ਯਾਨੀ ਤਕਰੀਬਨ 6 ਗੁਣਾ ਵੱਧ। ਪਿੰਡ ਦੇ ਲੋਕਾਂ ਨੇ ਅੰਮ੍ਰਿਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਲਈ ਸਹਿਮਤੀ ਬਣਾਈ ਸੀ ਪਰ ਪ੍ਰਵਾਸੀਆਂ ਦੀ ਵੋਟਾਂ ਵੱਧ ਹੋਣ ਦੀ ਵਜ੍ਹਾ ਕਰਕੇ ਹੁਣ ਪੰਚ ਚੁਣਨਾ ਵੀ ਮੁਸ਼ਕਿਲ ਹੋ ਗਿਆ ਹੈ।

ਦਰਅਸਲ ਗੁਰਦੁਆਰਾ ਅੰਬ ਸਾਹਿਬ ਦੇ ਨਜ਼ਦਕੀ ਪ੍ਰਵਾਸੀ ਮਜ਼ਦੂਰਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਜਗਤਪੁਰਾ ਦੇ ਨਜ਼ਦੀਕ ਕੁਝ ਜ਼ਮੀਨ ਖ਼ਰੀਦ ਕੇ ਸਰਕਾਰ ਨੇ ਪ੍ਰਵਾਸੀਆਂ ਨੂੰ ਵਸਾਇਆ ਹੈ। ਜਿਸ ਤੋਂ ਬਾਅਦ ਇੱਥੇ ਪ੍ਰਵਾਸੀ ਵੱਡਾ ਵੋਟ ਬੈਂਕ ਬਣ ਗਏ ਹਨ। ਇਨ੍ਹਾਂ ਦੀ ਗਿਣਤੀ 7 ਹਜ਼ਾਰ ਦੇ ਕਰੀਬ ਹੈ।

ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਵੀ ਸਿਆਸੀ ਪਾਰਟੀਆਂ ਦੇ ਆਗੂ ਵੱਡੀ ਗਿਣਤੀ ਵਿੱਚ ਇਸ ਇਲਾਕੇ ਵਿੱਚ ਆਉਂਦੇ ਹਨ ਅਤੇ ਲੋਕਾਂ ਨੂੰ ਭਰਮਾਉਂਦੇ ਹਨ। ਜਿਸ ਦੀ ਵਜ੍ਹਾ ਕਰਕੇ ਇਲਾਕੇ ਵਿੱਚ ਪ੍ਰਵਾਸੀਆਂ ਦੀ ਤਾਕਤ ਲਗਾਤਾਰ ਵਧ ਰਹੀ ਹੈ।

ਮੁਹਾਲੀ ਦੇ ਆਲੇ-ਦੁਆਲੇ ਦੇ ਇਨ੍ਹਾਂ ਇਲਾਕਿਆਂ ਵਿੱਚ ਕੁਝ ਦਿਨ ਪਹਿਲਾਂ ਨੌਜਵਾਨ ਸਭਾ ਵੱਲੋਂ ਪ੍ਰਵਾਸੀਆਂ ਨੂੰ ਇਲਾਕਾ ਖ਼ਾਲੀ ਕਰਨ ਦਾ ਅਲਟੀਮੇਟਮ ਵੀ ਦਿੱਤੀ ਗਿਆ ਸੀ। ਪਿੰਡ ਵਾਲਿਆਂ ਦਾ ਦਾਅਵਾ ਸੀ ਕਿ ਪ੍ਰਵਾਸੀਆਂ ਦੀ ਵਜ੍ਹਾ ਕਰਕੇ ਅਪਰਾਧਿਕ ਵਾਰਦਾਤਾਂ ਵੱਧ ਰਹੀਆਂ ਹਨ। ਪਰ ਹਾਈਕੋਰਟ ਵਿੱਚ ਇਸ ਦੇ ਖ਼ਿਲਾਫ਼ ਜਦੋਂ ਪਟੀਸ਼ਨ ਪਾਈ ਗਈ ਤਾਂ ਫੈਸਲਾ ਵਾਪਸ ਲੈ ਲਿਆ ਗਿਆ ਸੀ।