ਜਲੰਧਰ ‘ਚ ਦੇਰ ਰਾਤ ਹਰਦਿਆਲ ਨਗਰ ਨੇੜੇ ਇਲਾਕਾ ਨਿਵਾਸੀਆਂ ਨੇ ਪੁਲਸ ਖਿਲਾਫ ਜੰਮ ਕੇ ਹੰਗਾਮਾ ਕੀਤਾ। ਦੇਰ ਰਾਤ ਹਰਦਿਆਲ ਨਗਰ ਦੇ ਰਹਿਣ ਵਾਲੇ ਲੱਡੂ ਨਾਮਕ ਤਸਕਰ ਦੀ ਗ੍ਰਿਫਤਾਰੀ ‘ਤੇ ਅੜੇ ਹੋਏ ਇਲਾਕਾ ਨਿਵਾਸੀਆਂ ਨੇ ਮੌਕੇ ‘ਤੇ ਜਾ ਕੇ ਤਫਤੀਸ਼ ਲਈ ਪਹੁੰਚੇ ਏ.ਐੱਸ.ਆਈ ਸੰਜੇ ਕੁਮਾਰ ‘ਤੇ ਵੀ ਜੰਮ ਕੇ ਨਾਅਰੇਬਾਜ਼ੀ ਕੀਤੀ।
ਜਿਸ ਤੋਂ ਬਾਅਦ ਪੁਲਿਸ ਅਤੇ ਇਲਾਕਾ ਨਿਵਾਸੀਆਂ ਵਿਚਕਾਰ ਤਿੱਖੀ ਬਹਿਸ ਹੋ ਗਈ। ਮਾਮਲਾ ਇੰਨਾ ਵੱਧ ਗਿਆ ਕਿ ਇਲਾਕਾ ਨਿਵਾਸੀਆਂ ਨੇ ਦੇਰ ਰਾਤ ਨਸ਼ਾ ਤਸਕਰ ਦੇ ਘਰ ਦੇ ਬਾਹਰ ਦਰੀਆਂ ਵਿਛਾ ਦਿੱਤੀਆਂ। ਜਿਸ ਤੋਂ ਬਾਅਦ ਪੁਲਿਸ ਨੇ ਲੱਡੂ ਨਾਮ ਦੇ ਇੱਕ ਤਸਕਰ ਨੂੰ ਹਿਰਾਸਤ ਵਿੱਚ ਲਿਆ।
ਘਟਨਾ ਦੀ ਜਾਂਚ ਲਈ ਪਹੁੰਚੇ ਏ.ਐਸ.ਆਈ ਸੰਜੇ ਕੁਮਾਰ ਸ਼ਰਮਾ ਨੇ ਜਦੋਂ ਸਬੂਤ ਮਿਲਣ ਤੋਂ ਬਾਅਦ ਕਾਰਵਾਈ ਦਾ ਭਰੋਸਾ ਦਿੱਤਾ ਤਾਂ ਇਲਾਕਾ ਨਿਵਾਸੀ ਇਸ ਗੱਲ ਨੂੰ ਲੈ ਕੇ ਭੜਕ ਉੱਠੇ। ਏ.ਐਸ.ਆਈ ਸੰਜੇ ਕੁਮਾਰ ਸ਼ਰਮਾ ਨੇ ਪਹਿਲਾਂ ਕਿਹਾ ਕਿ ਜੇਕਰ ਲੱਡੂ ਨਾਮਕ ਵਿਅਕਤੀ ਵੀ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਪਰ ਬਿਨਾਂ ਸਬੂਤ ਦੇ ਕਾਰਵਾਈ ਨਹੀਂ ਕੀਤੀ ਜਾ ਸਕਦੀ। ਕਿਉਂਕਿ ਬਾਅਦ ਵਿੱਚ ਅਦਾਲਤ ਵਿੱਚ ਜਵਾਬ ਕੌਣ ਦੇਵੇਗਾ?
ਏ.ਐੱਸ.ਆਈ. ਸੰਜੇ ਦੀਆਂ ਇਨ੍ਹਾਂ ਗੱਲਾਂ ‘ਤੇ ਇਲਾਕਾ ਨਿਵਾਸੀ ਗੁੱਸੇ ‘ਚ ਆ ਗਏ ਅਤੇ ਉਕਤ ਏਐੱਸਆਈ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਵਿਰੋਧ ਵਧਿਆ ਤਾਂ ਉਥੋਂ ਇੱਕ ਵਿਅਕਤੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਇਲਾਕਾ ਵਾਸੀਆਂ ਨੇ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਏ ਉਨ੍ਹਾਂ ਦੀ ਵਕਾਲਤ ਕਰ ਰਹੀ ਹੈ।