Punjab

ਸੁੱਚਾ ਸਿੰਘ ਲੰਗਾਹ ਦੀ ਮੁੜ ਤੋਂ ਅਕਾਲੀ ਦਲ ਵਿੱਚ ਵਾਪਸੀ! ਕਥਿਤ ਅਸ਼ਲੀਲ ਵੀਡੀਓ ਤੋਂ ਬਾਅਦ ਕੱਢਿਆ ਸੀ ਬਾਹਰ

ਬਿਉਰੋ ਰਿਪੋਰਟ: ਅਕਾਲੀ ਦਲ ਦੀ ਸਰਕਾਰ ਵੇਲੇ ਸਾਬਕਾ ਮੰਤਰੀ ਰਹੇ ਸੁੱਚਾ ਸਿੰਘ ਲੰਗਾਹ (Sucha Singh langah Rejoin Akali Dal) ਤਕਰੀਬਨ 7 ਸਾਲ ਬਾਅਦ ਮੁੜ ਤੋਂ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। 2017 ਵਿੱਚ ਗੁਰਦਾਸਪੁਰ ਦੀ ਲੋਕਸਭਾ ਜ਼ਿਮਨੀ ਚੋਣ ਤੋਂ ਠੀਕ ਪਹਿਲਾਂ ਉਨ੍ਹਾਂ ਦਾ ਇੱਕ ਕਥਿਤ ਅਸ਼ਲੀਲ ਵੀਡੀਓ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਗ੍ਰਿਫ਼ਤਾਰੀ ਵੀ ਹੋਈ ਸੀ ਅਤੇ ਪਾਰਟੀ ਨੇ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਸੀ। ਸਿਰਫ਼ ਇੰਨਾ ਹੀ ਨਹੀਂ ਸ੍ਰੀ ਅਕਾਲ ਤਖਤ ਵੱਲੋਂ ਵੀ ਉਨ੍ਹਾਂ ਨੂੰ ਪੰਥ ਤੋਂ ਛੇਕ ਦਿੱਤਾ ਗਿਆ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਮੰਗੀ ਸੀ ਮੁਆਫ਼ੀ

ਲੰਮੇ ਸਮੇਂ ਤੱਕ ਸੁੱਚਾ ਸਿੰਘ ਲੰਗਾਹ ਦਾ ਕੇਸ ਅਦਾਲਤ ਵਿੱਚ ਚੱਲਿਆ। ਪੀੜਤ ਮਹਿਲਾ ਦੇ ਬਿਆਨਾਂ ਤੋਂ ਪਿੱਛੇ ਹਟਣ ਦੇ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ। ਫਿਰ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮੁਆਫ਼ੀ ਦੀ ਅਰਜ਼ੀ ਵੀ ਲਗਾਈ। ਤਕਰੀਬਨ 1 ਸਾਲ ਦੇ ਇੰਤਜ਼ਾਰ ਤੋਂ ਬਾਅਦ ਲੰਗਾਹ ਨੂੰ ਪੰਥਕ ਸਜ਼ਾ ਦੇਣ ਤੋਂ ਬਾਅਦ ਮੁਆਫੀ ਮਿਲ ਗਈ। ਇਸ ਵਾਰ ਲੋਕਸਭਾ ਚੋਣਾਂ ਦੌਰਾਨ ਵੀ ਲੰਗਾਹ ਨੇ ਕਈ ਵਾਰ ਅਕਾਲੀ ਦਲ ਨੂੰ ਪਾਰਟੀ ਵਿੱਚ ਵਾਪਸੀ ਦੀ ਮੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਅਲਟੀਮੇਟਮ ਵੀ ਦਿੱਤਾ ਕਿ ਜੇ ਉਨ੍ਹਾਂ ਦੀ ਵਾਪਸੀ ਨਾ ਹੋਈ ਤਾਂ ਉਹ ਦੂਜਾ ਰਸਤਾ ਵੇਖਣਗੇ।

ਘਰ ਵਾਪਸੀ ’ਤੇ ਪਾਰਟੀ ਦਾ ਬਿਆਨ

ਸੁੱਚਾ ਸਿੰਘ ਲੰਗਾਹ ਨੂੰ ਮੁੜ ਤੋਂ ਸ਼ਾਮਲ ਕਰਵਾਉਣ ’ਤੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਇੱਕ ਬਿਆਨ ਵੀ ਜਾਰੀ ਕੀਤਾ ਹੈ। ਜਿਸ ਵਿੱਚ ਉਨ੍ਹਾਂ ਕਿਹਾ, “ਸੁੱਚਾ ਸਿੰਘ ਲੰਗਾਹ ਵੱਲੋਂ ਬੇਨਤੀ ਦੇ ਰੂਪ ਵਿੱਚ ਇੱਕ ਪੱਤਰ ਮਿਲਿਆ ਹੈ ਜਿਸ ਵਿੱਚ ਉਹਨਾਂ ਇਹ ਗੱਲ ਪਾਰਟੀ ਅੱਗੇ ਰੱਖੀ ਹੈ ਕਿ ਉਹਨਾਂ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਤੋਂ ਅਦਾਲਤ ਨੇ ਉਹਨਾਂ ਨੂੰ ਦੋਸ਼ ਮੁਕਤ (ਬਰੀ) ਕਰਾਰ ਦਿੱਤਾ ਹੈ। ਉਹਨਾਂ ਇਹ ਵੀ ਲਿਖਿਆ ਹੈ ਕਿ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਇਹ ਮਾਮਲਾ ਖ਼ਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਵੀ ਲਿਜਾਇਆ ਗਿਆ ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਾਰੀ ਕਾਰਵਾਈ ਉਪਰੰਤ ਹੁਣ ਉਹਨਾਂ ਨੂੰ ਮੁੜ ਖ਼ਾਲਸਾ ਪੰਥ ਵਿੱਚ ਸ਼ਾਮਿਲ ਕੀਤਾ ਜਾ ਚੁੱਕਾ ਹੈ। ਜਦੋਂ ਉਹਨਾਂ ਉੱਤੇ ਦੋਸ਼ ਲੱਗੇ ਸਨ ਤਾਂ ਉਹ ਪਾਰਟੀ ਦੇ ਸਮੂਹ ਅਹੁਦਿਆਂ ਤੋਂ ਤੁਰੰਤ ਮੁਸਤਫ਼ੀ ਹੋ ਗਏ ਸਨ। ਹੁਣ ਆਪਣੇ ਲਿਖ਼ਤੀ ਪੱਤਰ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਉਹ ਜੰਮੇ ਵੀ ਅਕਾਲੀ ਸਨ ਅਤੇ ਆਪਣੇ ਆਖਰੀ ਸਾਂਹ ਤੱਕ ਰਹਿਣਗੇ ਵੀ ਅਕਾਲੀ| ਉਹਨਾਂ ਨੇ ਪਾਰਟੀ ਦੀ ਸੇਵਾ ਦਾ ਮੌਕਾ ਮੁੜ ਲੈਣ ਲਈ ਸਨਿਮਰ ਬੇਨਤੀ ਵੀ ਕੀਤੀ ਹੈ। ਪਾਰਟੀ ਵੱਲੋਂ ਸ. ਲੰਗਾਹ ਵੱਲੋਂ ਦਿੱਤੀ ਗਈ ਬੇਨਤੀ ਨੂੰ ਉਹਨਾਂ ਵੱਲੋਂ ਪੇਸ਼ ਕੀਤੇ ਗਏ ਤੱਥਾਂ ਦੀ ਰੌਸ਼ਨੀ ਵਿੱਚ ਵਿਚਾਰਨ ਉਪਰੰਤ ਸ. ਸੁੱਚਾ ਸਿੰਘ ਲੰਗਾਹ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਧਾਰਣ ਵਰਕਰ ਵਜੋਂ ਮੁੜ ਸੇਵਾ ਕਰਨ ਦਾ ਮੌਕਾ ਦੇਣ ਦਾ ਫੈਸਲਾ ਕੀਤਾ ਗਿਆ ਹੈ।”

ਡੇਰਾ ਬਾਬਾ ਨਾਨਕ ਜ਼ਿਮਨੀ ਚੋਣ ਲਈ ਅਹਿਮ

ਲੋਕ ਸਭਾ ਚੋਣਾਂ ਦੌਰਾਨ ਸਾਬਕਾ ਕੈਬਨਿਟ ਮੰਤਰੀ ਨਿਰਮਲ ਸਿੰਘ ਕਾਹਲੋਂ ਦੇ ਪੁੱਤਰ ਰਵੀਕਰਨ ਸਿੰਘ ਕਾਹਲੋਂ ਸੁੱਚਾ ਸਿੰਘ ਲੰਗਾਹ ਦੀ ਘਰ ਵਾਪਸੀ ਦਾ ਵਿਰੋਧ ਕਰ ਰਹੇ ਸਨ। ਇਸ ਲਈ ਪਾਰਟੀ ਫੈਸਲਾ ਨਹੀਂ ਲੈ ਪਾ ਰਹੀ ਸੀ। ਹੁਣ ਰਵੀਕਰਨ ਸਿੰਘ ਕਾਹਲੋਂ ਬੀਜੇਪੀ ਦੇ ਆਗੂ ਹਨ। ਡੇਰਾ ਬਾਬਾ ਨਾਨਕ ਵਿਧਾਨਸਭਾ ਸੀਟ ਤੋਂ ਸੁੱਚਾ ਸਿੰਘ ਲੰਗਾਹ ਚੋਣ ਲੜਦੇ ਰਹੇ ਹਨ ਅਜਿਹੇ ਵਿੱਚ ਹੁਣ ਇਸੇ ਹਲਕੇ ਵਿੱਚ ਜ਼ਿਮਨੀ ਚੋਣ ਹੋਣ ਵਾਲੀ ਹੈ। ਅਜਿਹੇ ਵਿੱਚ ਪਾਰਟੀ ਨੂੰ ਲੰਗਾਹ ਦੇ ਰੂਪ ਵਿੱਚ ਉਮੀਦਵਾਰ ਮਿਲ ਸਕਦਾ ਹੈ।