International

ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਦੇ ਦੇਸ਼ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾਈ

ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਦੇ ਦੇਸ਼ ਵਿਚ ਦਾਖਲ ਹੋਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਜ਼ਰਾਈਲ ਦੇ ਵਿਦੇਸ਼ ਮੰਤਰੀ ਇਜ਼ਰਾਈਲ ਕਾਟਜ਼ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ ਹੈ।

ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ, “ਜੋ ਕੋਈ ਵੀ ਵਿਅਕਤੀ ਇਜ਼ਰਾਈਲ ‘ਤੇ ਇਰਾਨ ਦੇ ਘਿਨਾਉਣੇ ਹਮਲੇ ਦੀ ਨਿੰਦਾ ਨਹੀਂ ਕਰ ਸਕਦਾ, ਜਿਵੇਂ ਕਿ ਦੁਨੀਆ ਦੇ ਲਗਭਗ ਹਰ ਦੇਸ਼ ਨੇ ਕੀਤਾ ਹੈ, ਉਸ ਨੂੰ ਇਜ਼ਰਾਈਲ ਦੀ ਧਰਤੀ ‘ਤੇ ਪੈਰ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।”

ਪੋਸਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਗੁਟੇਰੇਸ ਨੇ ਹਾਲੇ ਤੱਕ 7 ਅਕਤੂਬਰ ਨੂੰ ਹਮਾਸ ਦੇ ਕਾਤਲਾਂ ਦੁਆਰਾ ਕੀਤੇ ਗਏ ਕਤਲੇਆਮ ਅਤੇ ਜਿਨਸੀ ਅੱਤਿਆਚਾਰਾਂ ਦੀ ਨਿੰਦਾ ਨਹੀਂ ਕੀਤੀ ਹੈ। ਨਾ ਹੀ ਉਨ੍ਹਾਂ ਨੇ ਹਮਾਸ ਨੂੰ ਅੱਤਵਾਦੀ ਸੰਗਠਨ ਐਲਾਨਿਆ ਹੈ।

ਪੋਸਟ ‘ਚ ਲਿਖਿਆ ਹੈ, ‘ਹਮਾਸ, ਹਿਜ਼ਬੁੱਲਾ, ਹੂਥੀ ਅਤੇ ਹੁਣ ਦਹਿਸ਼ਤ ਦੀ ਮਾਂ, ਈਰਾਨ ਦੇ ਅੱਤਵਾਦੀਆਂ, ਬਲਾਤਕਾਰੀਆਂ ਅਤੇ ਕਾਤਲਾਂ ਦਾ ਸਮਰਥਨ ਕਰਨ ਵਾਲੇ ਸਕੱਤਰ-ਜਨਰਲ ਨੂੰ ਸੰਯੁਕਤ ਰਾਸ਼ਟਰ ਦੇ ਇਤਿਹਾਸ ‘ਤੇ ਇੱਕ ਧੱਬੇ ਵਜੋਂ ਯਾਦ ਕੀਤਾ ਜਾਵੇਗਾ। ਐਂਟੋਨੀਓ ਗੁਟੇਰੇਸ ਦੇ ਨਾਲ ਜਾਂ ਬਿਨਾਂ, ਇਜ਼ਰਾਈਲ ਆਪਣੇ ਨਾਗਰਿਕਾਂ ਦੀ ਰੱਖਿਆ ਕਰਨਾ ਅਤੇ ਆਪਣੀ ਰਾਸ਼ਟਰੀ ਸ਼ਾਨ ਨੂੰ ਸੁਰੱਖਿਅਤ ਰੱਖਣਾ ਜਾਰੀ ਰੱਖੇਗਾ।
ਦੱਸ ਦਈਏ ਕਿ ਮੰਗਲਵਾਰ ਨੂੰ ਈਰਾਨ ਨੇ ਇਜ਼ਰਾਇਲ ‘ਤੇ ਮਿਜ਼ਾਈਲਾਂ ਨਾਲ ਬੰਬਾਰੀ ਕੀਤੀ ਸੀ। ਈਰਾਨ ਨੇ ਹਿਜ਼ਬੁੱਲਾ ਅਤੇ ਹਮਾਸ ਨੇਤਾਵਾਂ ਦੀ ਹੱਤਿਆ ਨੂੰ ਆਪਣੇ ਖਿਲਾਫ ਹਮਲਾ ਦੱਸਿਆ ਸੀ। ਅਮਰੀਕਾ ਇਸ ਮਾਮਲੇ ‘ਚ ਇਜ਼ਰਾਈਲ ਨਾਲ ਮਿਲ ਕੇ ਆਇਆ ਹੈ।

ਈਰਾਨ ਨੇ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗ ਕੇ ਉਸ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਹੈ। ਬੈਂਜਾਮਿਨ ਨੇਤਨਯਾਹੂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਦੇ ਨਤੀਜੇ ਭੁਗਤਣੇ ਪੈਣਗੇ। ਇਜ਼ਰਾਈਲੀ ਫੌਜ ਵੀ ਬਦਲਾ ਲੈਣ ਲਈ ਪੂਰੀ ਤਰ੍ਹਾਂ ਤਿਆਰ ਨਜ਼ਰ ਆ ਰਹੀ ਹੈ। ਇਜ਼ਰਾਇਲੀ ਰੱਖਿਆ ਬਲ ਨੇ ਕਿਹਾ ਹੈ ਕਿ ਅਸੀਂ ਸਮਾਂ ਅਤੇ ਸਥਾਨ ਦੀ ਚੋਣ ਕਰਾਂਗੇ। ਅਜਿਹੇ ‘ਚ ਸਵਾਲ ਇਹ ਵੀ ਉੱਠ ਰਿਹਾ ਹੈ ਕਿ ਕੀ ਇਜ਼ਰਾਈਲ ਤਹਿਰਾਨ ਦੇ ਬੈਲਿਸਟਿਕ ਮਿਜ਼ਾਈਲ ਹਮਲੇ ਦਾ ਜਵਾਬ ਆਪਣੀ ਆਰਥਿਕਤਾ ਦੀ ਕਮਰ ਤੋੜ ਕੇ ਦੇਵੇਗਾ।