India International

ਈਰਾਨੀ ਹਮਲੇ ਦਾ ਛੇਤੀ ਬਦਲਾ ਲਵੇਗਾ ਇਜ਼ਰਾਈਲ! ਨਿਸ਼ਾਨੇ ’ਤੇ ਤੇਲ ਦੇ ਭੰਡਾਰ; ਲੇਬਨਾਨ ਨੂੰ ਵੀ ਭੇਜੀ ਦੂਜੀ ਬਟਾਲੀਅਨ, ਭਾਰਤ ਵੱਲੋਂ ਐਡਵਾਇਜ਼ਰੀ ਜਾਰੀ

ਬਿਉਰੋ ਰਿਪੋਰਟ: ਅਮਰੀਕੀ ਮੀਡੀਆ ਹਾਊਸ ਐਕਸੀਓਸ ਨੇ ਆਪਣੀ ਰਿਪੋਰਟ ’ਚ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਆਪਣੇ ਹਮਲਿਆਂ ਦਾ ਬਦਲਾ ਲੈਣ ਲਈ ਈਰਾਨ ਦੇ ਤੇਲ ਭੰਡਾਰਾਂ ’ਤੇ ਹਮਲਾ ਕਰ ਸਕਦਾ ਹੈ। ਐਕਸੀਓਸ ਨੇ ਇਜ਼ਰਾਇਲੀ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਜ਼ਰਾਈਲ ਅਗਲੇ ਕੁਝ ਦਿਨਾਂ ’ਚ ਈਰਾਨ ’ਤੇ ਹਮਲਾ ਕਰ ਸਕਦਾ ਹੈ।

ਈਰਾਨ ਦੇ ਹਮਲੇ ਦੇ ਬਾਵਜੂਦ, ਇਜ਼ਰਾਈਲ ਨੇ ਲੇਬਨਾਨ ਵਿੱਚ ਜ਼ਮੀਨੀ ਕਾਰਵਾਈਆਂ ਜਾਰੀ ਰੱਖੀਆਂ ਹਨ। ਬੁੱਧਵਾਰ ਨੂੰ ਇਜ਼ਰਾਇਲੀ ਫੌਜ ਨੇ ਆਪਣੀ ਦੂਜੀ ਟੁਕੜੀ ਲੇਬਨਾਨ ਭੇਜੀ। IDF ਨੇ ਦੱਖਣੀ ਲੇਬਨਾਨ ਦੇ 25 ਪਿੰਡਾਂ ਦੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਲਈ ਕਿਹਾ ਹੈ।

ਉੱਧਰ ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਟਕਰਾਅ ਦਰਮਿਆਨ ਭਾਰਤ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਸਾਰੇ ਭਾਰਤੀਆਂ ਨੂੰ ਬਿਨਾਂ ਵਜ੍ਹਾ ਈਰਾਨ ਨਾ ਜਾਣ ਲਈ ਕਿਹਾ ਹੈ। ਇਸ ਤੋਂ ਇਲਾਵਾ ਉਥੇ ਰਹਿ ਰਹੇ ਭਾਰਤੀਆਂ ਨੂੰ ਵੀ ਚੌਕਸ ਰਹਿਣ ਲਈ ਕਿਹਾ ਗਿਆ ਹੈ।

ਦੱਸ ਦੇਈਏ ਈਰਾਨ ਨੇ ਬੀਤੀ ਰਾਤ ਮੰਗਲਵਾਰ ਨੂੰ ਇਜ਼ਰਾਈਲ ’ਤੇ 180 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਇਜ਼ਰਾਈਲੀ ਰੱਖਿਆ ਬਲ (ਆਈਡੀਐਫ) ਨੇ ਕਿਹਾ ਕਿ ਇਹ ਹਮਲਾ ਮੋਸਾਦ ਹੈੱਡਕੁਆਰਟਰ, ਨੇਵਾਤਿਮ ਏਅਰ ਬੇਸ ਅਤੇ ਟੇਲ ਨੋਫ ਏਅਰ ਬੇਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਈਰਾਨ ਦੀਆਂ ਜ਼ਿਆਦਾਤਰ ਮਿਜ਼ਾਈਲਾਂ ਨੂੰ ਇਜ਼ਰਾਈਲ ਦੀ ਰੱਖਿਆ ਪ੍ਰਣਾਲੀ ਨੇ ਨਸ਼ਟ ਕਰ ਦਿੱਤਾ ਸੀ। IDF ਦੇ ਅਨੁਸਾਰ, ਹਮਲੇ ਵਿੱਚ ਕੋਈ ਵੀ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ ਹੈ।