ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਸੀਨੀਅਰ ਅਕਾਲੀ ਦਲ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਮਾਣਯੋਗ ਹਾਈ ਕੋਰਟ ਦੇ ਜੱਜ ਵੱਲੋਂ ਪੰਜਾਬ ਪੁਲਿਸ ਦੀ ਸੁਰੱਖਿਆ ਹਟਾ ਕੇ ਚੰਡੀਗੜ੍ਹ ਤੇ ਹਰਿਆਣਾ ਦੀ ਪੁਲਿਸ ਨੂੰ ਆਪਣੀ ਸੁਰੱਖਿਆ ਲਈ ਲਾਉਣ ਨੂੰ ਗੰਭੀਰ ਦੱਸਦਿਆ ਪੰਜਾਬ ਪੁਲਿਸ ਅਤੇ ਮਾਨ ਸਰਕਾਰ ’ਤੇ ਵੱਡੇ ਸਵਾਲ ਖੜੇ ਕੀਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫ਼ੇ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਤੋਂ ਖ਼ਫਾ ਹੋ ਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਜੱਜ ਸਾਹਿਬ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਾਪਿਸ ਕਰ ਦਿੱਤੀ ਅਤੇ ਆਪਣੀ ਸੁਰੱਖਿਆ ਲਈ ਚੰਡੀਗੜ੍ਹ ਤੇ ਹਰਿਆਣਾ ਪੁਲਿਸ ਨੂੰ ਤਰਜੀਹ ਦਿੱਤੀ। ਪੰਜਾਬ ਸਰਕਾਰ ਲਈ ਇਸ ਤੋਂ ਵੱਧ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ?
ਚੀਮਾ ਨੇ ਸਰਕਾਰ ’ਤੇ ਤੰਜ ਕੱਸਦਿਆਂ ਕਿਹਾ ਕਿ ਜੇ ਸਾਡੇ ਮਾਣਯੋਗ ਜੱਜ ਸਾਹਿਬ ਨੂੰ ਹੀ ਪੰਜਾਬ ਪੁਲਿਸ ’ਤੇ ਭਰੋਸਾ ਨਹੀਂ ਤਾਂ ਸੂਬੇ ਦੀ 3 ਕਰੋੜ ਜਨਤਾ ਕਿਸਦੇ ਸਹਾਰੇ ਦਿਨ ਕੱਟ ਰਹੀ ਹੈ? ਇਹ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ’ਤੇ ਵੱਡਾ ਸਵਾਲੀਆ ਚਿੰਨ੍ਹ ਲੱਗ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਉਹ ਇਸ ਬਾਰੇ ਪੰਜਾਬ ਦੀ ਜਨਤਾ ਨੂੰ ਜਵਾਬ ਦੇਣ ਕਿ ਉਨ੍ਹਾਂ ਨੂੰ ਪੰਜਾਬ ਦੇ ਗ੍ਰਹਿ ਮੰਤਰੀ ਬਣੇ ਰਹਿਣ ਦਾ ਹੱਕ ਹੈ? ਉਨ੍ਹਾਂ ਕਿਹਾ ਕਿ ਇੱਕ ਜੱਜ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਗੰਭੀਰ ਵਿਸ਼ਾ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਉਹ ਕਿਸਦੇ ਆਸਰੇ ਦਿਨ ਕੱਟ ਰਹੇ ਹਨ ਜੇ ਹਾਈਕੋਰਟ ਦੇ ਜੱਜ ਸਾਹਿਬਾਨ ਨੂੰ ਹੀ ਤੁਹਾਡੀ ਪੁਲਿਸ ’ਤੇ ਭਰੋਸਾ ਨਹੀਂ। ਇਸ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪਣੀ ਨੈਤਿਕ ਜ਼ਿੰਮੇਦਾਰੀ ਸਮਝਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣਾ ਚਾਹੀਦਾ ਹੈ।
ਸਬੰਧਿਤ ਖ਼ਬਰਾਂ –
ਜੱਜ ਦੀ ਸੁਰੱਖਿਆ ‘ਚ ਕੁਤਾਹੀ ਦਾ ਮਾਮਲਾ, ਹਾਈਕੋਰਟ ਨੇ ਸੁਰੱਖਿਆ ਦੇ ਵਿੱਚ ਤੈਨਾਤ ਮੁਲਾਜ਼ਮਾਂ ਨੂੰ ਹਟਾਇਆ
ਹਾਈਕੋਰਟ ਵੱਲੋਂ ਡੀਜੀਪੀ ਪੰਜਾਬ ਤਲਬ! ‘ਜੱਜਾਂ ਦੀ ਸੁਰੱਖਿਆ ’ਚ ਲਾਪਰਵਾਹੀ ’ਤੇ ਸਖ਼ਤ!’ ਵੱਡਾ ਆਦੇਸ਼ ਕੀਤਾ ਜਾਰੀ