India

ਚੋਣਾਂ ਤੋਂ ਪਹਿਲਾਂ ਸ਼ਿੰਦੇ ਸਰਕਾਰ ਦਾ ਵੱਡਾ ਫੈਸਲਾ, ਮਹਾਰਾਸ਼ਟਰ ‘ਚ ਗਾਂ ਨੂੰ ‘ਰਾਜ ਮਾਤਾ’ ਐਲਾਨਿਆ

ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸੂਬਾ ਸਰਕਾਰ ਨੇ ਸੋਮਵਾਰ ਨੂੰ ਹੋਈ ਕੈਬਨਿਟ ਮੀਟਿੰਗ ‘ਚ ਕਈ ਅਹਿਮ ਫੈਸਲੇ ਲਏ। ਇਸ ਵਿੱਚ ਦੇਸੀ ਗਾਵਾਂ ਨੂੰ ‘ਰਾਜਮਾਤਾ-ਗੋਮਾਤਾ’ ਐਲਾਨਣ ਦਾ ਵੀ ਫੈਸਲਾ ਕੀਤਾ ਗਿਆ ਹੈ।

ਮਹਾਰਾਸ਼ਟਰ ਮੰਤਰੀ ਮੰਡਲ ਦੀ ਬੈਠਕ ‘ਚ ਸੂਬੇ ਦੀਆਂ ਦੇਸੀ ਗਾਵਾਂ ਨੂੰ ‘ਰਾਜਮਾਤਾ-ਗੋਮਾਤਾ’ ਐਲਾਨ ਕਰਨ ਦੇ ਪ੍ਰਸਤਾਵ ‘ਤੇ ਚਰਚਾ ਕੀਤੀ ਗਈ। ਵਿਚਾਰ-ਵਟਾਂਦਰੇ ਤੋਂ ਬਾਅਦ ਇਸ ਪ੍ਰਸਤਾਵ ਨੂੰ ਪ੍ਰਵਾਨ ਕਰ ਲਿਆ ਗਿਆ ਹੈ ਤੇ ਇਸ ਸਬੰਧੀ ਸਰਕਾਰੀ ਹੁਕਮ (ਜੀ.ਆਰ.) ਜਾਰੀ ਕਰ ਦਿੱਤਾ ਗਿਆ ਹੈ।

ਰਾਜ ਸਰਕਾਰ ਨੇ ਭਾਰਤੀ ਪਰੰਪਰਾ ‘ਚ ਗਾਵਾਂ ਦੇ ਸੱਭਿਆਚਾਰਕ ਮਹੱਤਵ ਦਾ ਹਵਾਲਾ ਦਿੰਦੇ ਹੋਏ ਇਹ ਕਦਮ ਚੁੱਕਿਆ ਹੈ। ਇਸ ਸਬੰਧੀ ਜੀਆਰ ਜਾਰੀ ਕਰ ਦਿੱਤਾ ਗਿਆ ਹੈ। ਇਸ ਵਿੱਚ ਦੇਸੀ ਗਾਵਾਂ ਦੀ ਗਿਣਤੀ ਵਿੱਚ ਵੱਡੇ ਪੱਧਰ ’ਤੇ ਗਿਰਾਵਟ ਬਾਰੇ ਚਿੰਤਾ ਪ੍ਰਗਟਾਈ ਗਈ ਹੈ।

ਮਹਾਰਾਸ਼ਟਰ ਵਿੱਚ 26 ਨਵੰਬਰ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਣੀਆਂ ਹਨ

ਮੁੱਖ ਚੋਣ ਕਮਿਸ਼ਨਰ (ਸੀਈਸੀ) ਰਾਜੀਵ ਕੁਮਾਰ ਨੇ ਸ਼ਨੀਵਾਰ (28 ਸਤੰਬਰ) ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਇਸ ਤੋਂ ਪਹਿਲਾਂ ਚੋਣ ਪ੍ਰਕਿਰਿਆ ਪੂਰੀ ਕਰ ਲਈ ਜਾਵੇਗੀ। ਤਰੀਕਾਂ ਦਾ ਐਲਾਨ ਅਗਲੇ ਮਹੀਨੇ ਹੋਣ ਦੀ ਉਮੀਦ ਹੈ।