Manoranjan Punjab

ਕਰਨ ਔਜਲਾ ਨੂੰ ਮਿਲਿਆ ਕੌਮਾਂਤਰੀ ਅਵਾਰਡ! ‘ਪੰਜਾਬੀ ਤੇ ਕੈਨੇਡੀਅਨ ਫੈਨਸ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਹੀਂ ਹੋਣਾ ਸੀ’

ਬਿਉਰੋ ਰਿਪੋਰਟ – ਪੰਜਾਬੀ ਗਾਇਕ ਕਰਨ ਔਜਲਾ (PUNJABI SINGER KARAN AUJLA) ਨੂੰ 2024 IIFA ਵਿੱਚ ’ਦ ਇੰਟਰਨੈਸ਼ਨਲ ਟ੍ਰੇਡਸੈਂਟਰ ਆਫ਼ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। IIFA 2024 ਵਿੱਚ ਕਰਨ ਔਜਲਾ ਨੂੰ ਅਵਾਰਡ ਬਾਲੀਵੁੱਡ ਦੇ ਮਸ਼ਹੂਰ ਗਾਇਕ ਸ਼ੰਕਰ ਮਹਾਂਦੇਵਨ (SHANKER MAHADEVAN) ਵੱਲੋਂ ਦਿੱਤਾ ਗਿਆ। ਅਵਾਰਡ ਮਿਲਣ ਤੋਂ ਬਾਅਦ ਕਰਨ ਔਜਲਾ ਨੇ ਸਟੇਜ ’ਤੇ ਬਾਲੀਵੁੱਡ ਫਿਲਮ ਵਿੱਚ ਗਾਇਆ ਆਪਣਾ ਮਸ਼ਹੂਰ ਗਾਣਾ ‘ਤੌਬਾ-ਤੌਬਾ’ ਵੀ ਸੁਣਾਇਆ।

ਕਰਨ ਔਜਲਾ ਨੇ ਕਿਹਾ ਮੈਂ ਹੈਰਾਨ ਹਾਂ ਕਿ ਮੈਨੂੰ ਸਨਮਾਨ ਮਿਲਿਆ ਹੈ। ਇਸ ਵਿੱਚ ਮੇਰੀ ਟੀਮ ਦੀ ਬਹੁਤ ਮਿਹਨਤ ਹੈ, ਇਸ ਵਕਤ ਮੈਂ ਕੀ ਮਹਿਸੂਸ ਕਰ ਰਿਹਾ ਹਾਂ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਮੈਂ ਆਪਣੇ ਆਪ ਨੂੰ ਖੁਸ਼ਨਸੀਬ ਮਹਿਸੂਸ ਕਰ ਰਿਹਾ ਹਾਂ। ਅਖੀਰ ਵਿੱਚ ਕਰਨ ਨੇ ਕਿਹਾ ਅੱਜ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਫੈਨਸ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਹੀਂ ਹੋਣਾ ਸੀ। ਅਵਾਰਡ ਸ਼ੋਅ ਦੌਰਾਨ ਕਰਨ ਔਜਲਾ ਹਨੀ ਸਿੰਘ (SINGER HONEY SINGH) ਦੇ ਨਾਲ ਵੀ ਨਜ਼ਰ ਆਏ।

ਪੰਜਾਬੀ ਗਾਇਕ ਕਰਨ ਔਜਲਾ ਬੀਤੇ ਦਿਨਾਂ ਦੌਰਾਨ ਆਪਣੇ ਯੂਕੇ ਟੂਰ ’ਤੇ ਸਨ। ਲੰਦਨ ਸ਼ੋਅ ਦੌਰਾਨ ਉਨ੍ਹਾਂ ’ਤੇ ਇੱਕ ਦਰਸ਼ਕ ਨੇ ਬੂਟ ਸੁੱਟਿਆ ਸੀ। ਬੂਟ ਉਨ੍ਹਾਂ ਦੇ ਮੂੰਹ ’ਤੇ ਲੱਗਿਆ ਸੀ। ਗੁੱਸੇ ਵਿੱਚ ਕਰਨ ਔਜਲਾ ਨੇ ਸਟੇਜ ਤੋਂ ਉਸ ਵਿਅਕਤੀ ਖਿਲਾਫ ਮੰਦੀ ਭਾਸ਼ਾ ਦੀ ਵਰਤੋਂ ਵੀ ਕੀਤੀ ਸੀ। ਅਖੀਰ ਵਿੱਚ ਉਨ੍ਹਾਂ ਨੇ ਨੌਜਵਾਨਾਂ ਤੋਂ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਸੀ।

ਕਰਨ ਔਜਲਾ ਦਾ ਅਸਲੀ ਨਾਂ ਜਸਕਰਨ ਸਿੰਘ ਔਜਲਾ ਹੈ। ਉਨ੍ਹਾਂ ਨੇ ਛੋਟੀ ਉਮਰ ਵਿੱਚ ਆਪਣੇ ਮਾਪਿਆਂ ਨੂੰ ਖੋਹ ਦਿੱਤਾ ਸੀ। ਗਾਇਕ ਜੱਸੀ ਗਿੱਲ (JASSI GILL) ਦੀ ਵਜ੍ਹਾ ਕਰਕੇ ਔਜਲਾ ਮਿਊਜ਼ਿਕ ਸਨਅਤ (MUSIC INDUSTRY) ਵਿੱਚ ਆਏ ਸਨ। ਉਨ੍ਹਾਂ ਨੇ ਜੱਸੀ ਗਿੱਲ ਲਈ ਗਾਣਾ ਲਿਖਿਆ ਜੋ ਕਾਫੀ ਹਿੱਟ ਹੋਇਆ ਸੀ।

ਕਰਨ ਔਜਲਾ ਅਤੇ ਸਿੱਧੂ ਮੂਸੇਵਾਲਾ (SIDHU MOOSAWALA) ਦੇ ਵਿਚਾਲੇ ਵਿਵਾਦ ਵੀ ਕਾਫੀ ਚਰਚਾ ਵਿੱਚ ਰਿਹਾ ਸੀ। ਦੋਵੇਂ ਇੱਕ ਦੂਜੇ ਨੂੰ ਆਪਣੇ ਗਾਣਿਆਂ ਵਿੱਚ ਜਵਾਬ ਦਿੰਦੇ ਸਨ। ਮੂਸੇਵਾਲਾ ਦੀ ਮੌਤ ਦੇ ਬਾਅਦ ਔਜਲਾ ’ਤੇ ਵੀ ਸਵਾਲ ਉੱਠੇ ਸਨ। ਪਰ ਕਰਨ ਨੇ ਕਿਹਾ ਸੀ ਕਿ ਉਸ ਦੀ ਸਿੱਧੂ ਮੂਸੇਵਾਲਾ ਨਾ ਕੋਈ ਕੁੜੱਤਣ ਨਹੀਂ ਸੀ। ਦੋਵਾਂ ਨੇ ਫੋਨ ’ਤੇ ਗੱਲ ਕਰਕੇ ਮਸਲਾ ਹੱਲ ਕਰ ਲਿਆ ਸੀ।