Punjab

Elante ਮਾਲ ‘ਚ ਵਾਪਰਿਆ ਵੱਡਾ ਹਾਦਸਾ, ਬਾਲ ਕਲਾਕਾਰ ਸਮੇਤ 2 ਜ਼ਖਮੀ

ਚੰਡੀਗੜ੍ਹ ਦੇ ਮਸ਼ਹੂਰ ਅਲਾਂਟੇ ਮਾਲ (Chandigarh’s Elante Mall ) ‘ਚ ਇਕ ਹਾਦਸਾ ਵਾਪਰਿਆ ਹੈ। ਓਥੇ ਪਿੱਲਰ ਤੋਂ ਟਾਈਲ ਡਿੱਗ ਗਈ ਜੋ ਕਿ ਇੱਕ ਬਾਲ ਕਲਾਕਾਰ ਮਾਈਸ਼ਾ ਦੀਕਸ਼ਿਤ ਅਤੇ ਉਸ ਦੀ ਮਾਸੀ ਦੇ ਲੱਗ ਗਈ, ਜਿਸ ਕਾਰਨ ਦੋਵੇਂ ਗੰਭੀਰ ਜ਼ਖਮੀ ਹੋ ਗਈਆਂ ਹਨ।

ਜਾਣਕਾਰੀ ਮੁਤਾਬਕ ਅਲਾਂਟੇ ਮਾਲ ‘ਚ ਘੁੰਮਣ ਗਈ ਮਾਈਸ਼ਾ ਦੀਕਸ਼ਿਤ ਪਿੱਲਰ ਤੋਂ ਟਾਈਲ ਡਿੱਗਣ ਨਾਲ ਜ਼ਖਮੀ ਹੋ ਗਈ ਅਤੇ ਇਸ ਦੌਰਾਨ ਉਸ ਦੀ ਮਾਸੀ ਵੀ ਜ਼ਖਮੀ ਹੋ ਗਈ। ਉਸ ਦੀ ਮਾਸੀ ਦੇ ਸਿਰ ‘ਤੇ ਵੀ ਗੰਭੀਰ ਸੱਟਾਂ ਲੱਗੀਆਂ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਇੱਕ ਪ੍ਰਈਵੇਟ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਮਾਈਸ਼ਾ ਦੀਕਸ਼ਿਤ ਦਾ ਜਨਮ ਦਿਨ ਸੀ ਅਤੇ ਉਹ ਆਪਣੇ ਪਰਿਵਾਰ ਨਾਲ ਅਲਾਂਟੇ ਮਾਲ ਗਈ ਸੀ ਪਰ ਉਹ ਉਥੇ ਹਾਦਸੇ ਦਾ ਸ਼ਿਕਾਰ ਹੋ ਗਈ। ਮਾਈਸ਼ਾ ਨੇ ਟੀਵੀ ਸੀਰੀਅਲ ਸਿਲਸਿਲਾ ਬਦਲਤੇ ਰਿਸ਼ਤਿਆਂ ਕਾ, ਮਿਸ਼ਟੀ ਖੰਨਾ, ਜਨ ਜਨਨੀ ਮਾਂ ਵੈਸ਼ਨੋ ਦੇਵੀ-ਕਹਾਣੀ ਮਾਤਰਾਨੀ ਅਤੇ ਮਾਤਾ ਵੈਸ਼ਨਵੀ ਵਿੱਚ ਕੰਮ ਕੀਤਾ ਹੈ।

 ਮਾਲ ਪ੍ਰਬੰਧਕ ਦਾ ਕਹਿਣਾ

ਇਸ ਦੇ ਨਾਲ ਹੀ ਇਸ ਘਟਨਾ ਨੂੰ ਲੈ ਕੇ ਅਲਾਂਟੇ ਮਾਲ ਦੇ ਮੈਨੇਜਮੈਂਟ ਦਾ ਬਿਆਨ ਵੀ ਸਾਹਮਣੇ ਆਇਆ ਹੈ, ਜਿਸ ‘ਚ ਮਾਲ ਮੈਨੇਜਮੈਂਟ ਨੇ ਘਟਨਾ ਦਾ ਤੁਰੰਤ ਨੋਟਿਸ ਲੈਂਦਿਆਂ ਲੜਕੀ ਅਤੇ ਉਸ ਦੀ ਮਾਸੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਹੈ। ਮਾਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾ ਵਾਪਰਨ ਇਸ ਲਈ ਠੋਸ ਪ੍ਰਬੰਧ ਕੀਤੇ ਜਾਣਗੇ।

ਮਾਈਸ਼ਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਕਾਫੀ ਵਿਅਸਤ ਰਹਿੰਦੀ ਹੈ। ਉਹ ਕਈ ਟੀਵੀ ਡਰਾਮਿਆਂ, ਐਡ ਫਿਲਮਾਂ ਵਿੱਚ ਕੰਮ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਲੜਕੀ ਦੇ ਨਵੇਂ ਪ੍ਰੋਜੈਕਟ ਦੀ ਸ਼ੂਟਿੰਗ ਪਹਿਲੀ ਅਕਤੂਬਰ ਤੋਂ ਤੈਅ ਸੀ। ਪਰ ਹੁਣ ਕੁਝ ਸਮਾਂ ਲੱਗੇਗਾ। ਬੱਚੀ ਹੁਣ ਪੂਰੀ ਤਰ੍ਹਾਂ ਠੀਕ ਨਹੀਂ ਹੈ।

ਇਸ ਤੋਂ ਪਹਿਲਾਂ ਟੌਏ ਟਰੇਨ ਦੇ ਪਲਟਣ ਕਾਰਨ ਹੋਈ ਸੀ ਮੌਤ

ਤਿੰਨ ਮਹੀਨੇ ਪਹਿਲਾਂ ਏਲਾਂਟੇ ਮਾਲ ਵਿਖੇ ਇੱਕ ਖਿਡੌਣਾ ਰੇਲ ਗੱਡੀ ਪਲਟ ਗਈ ਸੀ। ਇਸ ਦੌਰਾਨ ਇੱਕ 11 ਸਾਲ ਦੇ ਬੱਚੇ ਦੀ ਮੌਤ ਹੋ ਗਈ ਸੀ। 23 ਜੂਨ 2024 ਨੂੰ ਨਵਾਂਸ਼ਹਿਰ ਦਾ ਰਹਿਣ ਵਾਲਾ ਸ਼ਾਹਬਾਜ਼ ਇਕ ਹੋਰ ਬੱਚੇ ਨਾਲ ਖਿਡੌਣਾ ਟਰੇਨ ‘ਤੇ ਸਵਾਰ ਹੋ ਕੇ ਜਾ ਰਿਹਾ ਸੀ। ਇਸ ਦੌਰਾਨ ਟਰੇਨ ਪਲਟ ਗਈ। ਇਸ ਦੌਰਾਨ ਪਿਛਲੇ ਡੱਬੇ ‘ਚ ਬੈਠਾ ਸ਼ਾਹਬਾਜ਼ ਹੇਠਾਂ ਡਿੱਗ ਗਿਆ। ਜਿਸ ਵਿਚ ਉਹ ਜ਼ਖਮੀ ਹੋ ਗਿਆ। ਸੈਕਟਰ-32 ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।