International

ਕੈਨੇਡਾ ਚੋਣਾਂ: ਸਰੀ ‘ਚ ਦੋ ਲੁਧਿਆਣਵੀਆਂ ਦਾ ਹੋਵੇਗਾ ਦਿਲਚਸਪ ਮੁਕਾਬਲਾ

ਕੈਨੇਡਾ ‘ਚ ਵਸਦੇ ਮਿੰਨੀ ਪੰਜਾਬ ਨੂੰ ਚੋਣ ਰੰਗ ਚੜਨਾ ਸ਼ੁਰੂ ਹੋ ਗਿਆ ਹੈ | ਜੇ ਪੂਰੇ ਕੈਨੇਡਾ ਦੇ ਚੋਣ ਦ੍ਰਿਸ਼ ‘ਤੇ ਝਾਤ ਮਾਰੀਏ ਤਾਂ  ਸਰੀ ਦੇ ਨਿਊਟਨ ਸੰਸਦੀ ਹਲਕੇ ਦਾ ਰੰਗ ਕੁਝ ਵੱਖਰਾ ਦਿਸੇਗਾ, ਕਿਉਂਕਿ ਇਸ ਹਲਕੇ ਤੋਂ ਲੁਧਿਆਣਵੀਆਂ ਦਾ ਆਹਮੋ-ਸਾਹਮਣੇ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ | ਭਾਵ ਇਸ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਮੁਕਾਬਲੇ ‘ਚ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਗਿੱਲ ਇਕ ਮਜਬੂਤ ਉਮੀਦਵਾਰ ਵਜੋਂ ਨਜ਼ਰ ਆ ਰਹੇ ਹਨ ਤੇ ਖ਼ਾਸ ਜਿਕਰਯੋਗ ਹੈ ਕਿ ਇਹ ਦੋਵੇਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ |

ਇਸ ਹਲਕੇ ਤੋਂ ਮੌਜੂਦਾ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਦੀ ਗੱਲ ਕਰੀਏ ਤਾਂ ਉਹ ਇਸ ਹਲਕੇ ਤੋਂ ਕਈ ਵਾਰ ਨੁਮਾਇੰਦਗੀ ਕਰ ਚੁੱਕੇ ਹਨ ਤੇ ਲੰਬੇ ਸਮੇਂ ਤੋਂ ਕਾਬਜ ਰਹਿਣ ਕਰਕੇ ਉਨ੍ਹਾਂ ਨੇ ਇਥੇ ਮਜਬੂਤ ਧਿਰ ਬਣਾਈ ਹੋਈ ਹੈ | ਸੁੱਖ ਧਾਲੀਵਾਲ ਆਪਣੇ ਰਾਜਨੀਤਿਕ ਅਨੁਭਵ ਤੇ ਸਥਾਨਕ ਮੁੱਦਿਆਂ ‘ਤੇ ਹਮੇਸ਼ਾ ਧਿਆਨ ਕੇਂਦਰਿਤ ਕਰਨ ਕਰਕੇ ਜਾਣੇ ਜਾਂਦੇ ਹਨ |

ਰੁਜਗਾਰ, ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦੇ ਉਨ੍ਹਾਂ ਦੇ ਮੁੱਖ ਚੋਣਾਵੀ ਵਾਅਦਿਆਂ ‘ਚ ਸ਼ਾਮਿਲ ਹਨ | ਇਸ ਹਲਕੇ ਤੋਂ ਉਨ੍ਹਾਂ ਨੇ ਕਈ ਵਾਰ ਜਿੱਤ ਦਰਜ ਕੀਤੀ ਹੈ, ਪਰ ਇਸ ਵਾਰ ਚੋਣ ਦ੍ਰਿਸ਼ ਕੁਝ ਵੱਖਰਾ ਹੈ, ਕਿਉਂਕਿ ਆਉਣ ਵਾਲੀ ਚੋਣ ਲਈ ਸੁੱਖ ਧਾਲੀਵਾਲ ਨੂੰ ਚਣੌਤੀ ਵਾਲੀ ਕਨਜ਼ਰਵੇਟਿਵ ਧਿਰ ਦੇ ਹੱਕ ‘ਚ ਲਹਿਰ ਤੇ ਮੁਕਾਬਲੇ ‘ਚ ਖੜ੍ਹਾ ਉਮੀਦਵਾਰ ਹਰਜੀਤ ਗਿੱਲ ਮਜਬੂਤ ਦਾਅਵੇਦਾਰ ਹੈ |

ਹਰਜੀਤ ਗਿੱਲ ਇਕ ਸੀਨੀਅਰ ਪੱਤਰਕਾਰ ਤੇ ਹਲਕੇ ਦੇ ਲੋਕਾਂ ’ਚ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ। ਸ.ਗਿੱਲ ਦੇ ਮਜ਼ਬੂਤ ਨਿਜੀ ਆਧਾਰ ਦੇ ਨਾਲ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੀਆਂ ਆਰਥਕ ਨੀਤੀਆਂ ਤੇ ਪਾਰਟੀ ਦੇ ਹੱਕ ’ਚ ਖੜੀ ਲਹਿਰ ਹਰਜੀਤ ਗਿੱਲ ਨੂੰ ਹੋਰ ਵੱਡੀ ਮਜ਼ਬੂਤੀ ਦਿੰਦੀਆਂ ਹਨ।