Khetibadi Punjab

ਬਾਸਮਤੀ ਦੀਆਂ ਕੀਮਤਾਂ ਨੂੰ ਲੈ ਕੇ ਤਰਨ ਤਾਰਨ ਵਿੱਚ ਕਿਸਾਨਾਂ ਦਾ ਭਾਰੀ ਇਕੱਠ! ਕੱਲ੍ਹ ਅੰਮ੍ਰਿਤਸਰ ’ਚ ਹੋਏਗਾ ਵੱਡਾ ਐਕਸ਼ਨ

ਬਿਉਰੋ ਰਿਪੋਰਟ: ਮੰਡੀਆਂ ਵਿੱਚ ਬਾਸਮਤੀ ਦੀਆਂ ਡਿੱਗਦੀਆਂ ਕੀਮਤਾਂ ਨੂੰ ਲੈ ਕੇ ਅੱਜ ਤਰਨ ਤਾਰਨ ਵਿੱਚ ਕਿਸਾਨਾਂ ਵੱਲੋਂ ਵੱਡਾ ਇਕੱਠ ਕੀਤਾ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਸ਼ਿਰਕਤ ਕੀਤੀ। ਅੱਜ ਤਰਨ ਤਾਰਨ ਦੇ ਕਿਸਾਨ ਡੀਸੀ ਦਫ਼ਤਰ ਅੱਗੇ ਪ੍ਰਦਰਸ਼ਨ ਹੋਇਆ ਤੇ ਕੱਲ੍ਹ ਅੰਮ੍ਰਿਤਸਰ ਦੇ ਕਿਸਾਨ DC ਦਫ਼ਤਰ ਦੇ ਸਾਹਮਣੇ ਬਾਸਮਤੀ ਸੁੱਟ ਕੇ ਪ੍ਰਦਰਸ਼ਨ ਕਰਨਗੇ। ਇਹ ਕਿਸਾਨ ਸ਼ੰਭੂ ਮੋਰਚੇ ਵਿੱਚ ਜਾਣ ਦੀ ਵੀ ਤਿਆਰੀ ਕਰ ਰਹੇ ਹਨ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪੰਧੇਰ ਅੱਜ ਤਰਨ ਵਿੱਚ ਹੋ ਰਹੇ ਪ੍ਰਦਰਸ਼ਨ ਵਿੱਚ ਪਹੁੰਚੇ ਅਤੇ ਇਸ ਦੇ ਨਾਲ ਹੀ ਉਹ ਬਾਸਮਤੀ ਨੂੰ ਲੈ ਕੇ ਮਾਝੇ ਤੇ ਏਸ਼ੀਆ ਦੀ ਸਭ ਤੋਂ ਵੱਡੀ ਭਗਤਾਂ ਵਾਲੀ ਮੰਡੀ ਵਿੱਚ ਵੀ ਪੁੱਜੇ ਜਿੱਥੇ ਉਨ੍ਹਾਂ ਨੇ ਮੰਡੀ ਵਿੱਚ ਆਏ ਵੱਖ-ਵੱਖ ਕਿਸਾਨਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮੰਡੀ ਵਿੱਚ ਬਾਸਮਤੀ ਦਾ ਭਾਅ 2000 ਤੋਂ ਲੈ ਕੇ 2400 ਦੇ ਵਿਚਾਲੇ ਹੀ ਹੈ ਤੇ ਔਸਤ ਰੇਟ 2200 ਚੱਲ ਰਿਹਾ ਹੈ ਜਦਕਿ ਪਿਛਲੇ ਸੀਜ਼ਨ ਵਿੱਚ ਇਸ ਦਾ ਭਾਅ 3500 ਤੋਂ ਲੈ ਕੇ 4000 ਦੇ ਵਿਚਾਲੇ ਸੀ।

ਪੰਧੇਰ ਨੇ ਅੰਦਾਜ਼ਾ ਲਾਇਆ ਕਿ ਇਸ ਤਰ੍ਹਾਂ ਨਾਲ ਇੱਕ ਕਿਸਾਨ ਨੂੰ ਪ੍ਰਤੀ ਕੁਇੰਟਲ 1300-1400 ਤੇ ਪ੍ਰਤੀ ਏਕੜ 20000 ਤੋਂ 25000 ਰੁਪਏ ਦਾ ਘਾਟਾ ਪੈ ਰਿਹਾ ਹੈ। ਪਰ ਇਸ ਸਬੰਧੀ ਕੋਈ ਵੀ ਆਵਾਜ਼ ਚੁੱਕਣ ਨੂੰ ਤਿਆਰ ਨਹੀਂ ਹੈ।

ਉਨ੍ਹਾਂ ਨੇ ਯਾਦ ਦਵਾਇਆ ਕਿ ਜੇ ਬਾਸਮਤੀ ਦਾ ਰੇਟ ਇਸ ਸੀਜ਼ਨ 3200 ਰੁਪਏ ਤੋਂ ਹੇਠਾਂ ਆਇਆ ਤਾਂ ਉਹ ਆਪ ਬਾਸਮਤੀ ਦੀ ਖ਼ਰੀਦ ਕਰਵਾਉਣਗੇ। ਪਰ ਮੁੱਖ ਮੰਤਰੀ ਇਸ ਬਾਰੇ ਕਾਰਵਾਈ ਤਾਂ ਦੂਰ ਇੱਕ ਬਿਆਨ ਤੱਕ ਨਹੀਂ ਦੇ ਰਹੇ। ਉੱਤੋਂ ਕੇਂਦਰ ਸਰਕਾਰ ਪਹਿਲਾਂ ਹੀ ਕਿਸਾਨਾਂ ਦੇ ਹੱਕ ਵਿੱਚ ਨਹੀਂ ਹੈ, ਕੇਂਦਰ ਦੀ ਨੀਅਤ ਤੇ ਨੀਤੀ ਦੋਵੇਂ ਖੋਟੀ ਹੈ।

ਉਨ੍ਹਾਂ ਇਸ ਤੱਥ ਵੱਲ ਧਿਆਨ ਦਵਾਇਆ ਕਿ ਬਾਜ਼ਾਰ ਵਿੱਚ ਚੌਲਾਂ ਦਾ ਰੇਟ ਤਾਂ ਘਟ ਨਹੀਂ ਰਿਹਾ, ਪਰ ਮੰਡੀ ਵਿੱਚ ਬਾਸਮਤੀ ਦੇ ਰੇਟ ਲਗਾਤਾਰ ਘਟਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਹੈ ਕਿ ਇਹ ਕਿਸੇ ਸਾਜ਼ਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਮਸਲੇ ਨੂੰ ਲੈ ਕੇ ਅੱਜ ਤਰਨ ਤਾਰਨ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਭਾਰੀ ਗਿਣਤੀ ਵਿੱਚ ਬੀਬੀਆਂ ਨੇ ਵੀ ਹਾਜ਼ਰੀ ਭਰੀ। ਕੱਲ੍ਹ ਸਵੇਰੇ ਡੀਸੀ ਅੰਮ੍ਰਿਤਸਰ ਦੇ ਦਫ਼ਤਰ ਦੇ ਬਾਹਰ ਕਿਸਾਨ ਆਪਣੀ ਬਾਸਮਤੀ ਦੀ ਪੱਕੀ ਫ਼ਸਲ ਸੁੱਟ ਕੇ ਪ੍ਰਦਰਸ਼ਨ ਕਰਨਗੇ।