Khetibadi Punjab

ਬਾਸਮਤੀ ਦੇ ਭਾਅ ਨੂੰ ਲੈ ਕੇ ਕਿਸਾਨਾਂ ਦਾ ਮਾਨ ਸਰਕਾਰ ਨੂੰ ਅਲਟੀਮੇਟਮ! DC ਦਫ਼ਤਰ ਅੱਗੇ ਸੁੱਟਣਗੇ ਫ਼ਸਲ

ਬਿਉਰੋ ਰਿਪੋਰਟ: ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬਾਸਮਤੀ ਦੀਆਂ ਘਟ ਰਹੀਆਂ ਕੀਮਤਾਂ ਨੂੰ ਲੈ ਕੇ ਪੰਜਾਬ ਸਰਕਾਰ ’ਤੇ ਸਵਾਲ ਚੁੱਕੇ ਹਨ। ਉਨ੍ਹਾਂ ਇਸ ਸਬੰਧੀ ਪੰਜਾਬ ਸਰਕਾਰ ਤੋਂ ਦਖ਼ਲ ਦੇਣ ਦੀ ਮੰਗ ਕਰਦਿਆਂ 28 ਤੱਕ ਦਾ ਅਲਟੀਮੇਟਮ ਦਿੱਤਾ ਹੈ। ਜੇ ਸਰਕਾਰ ਨੇ ਇਸ ਬਾਰੇ ਕੋਈ ਕਾਰਵਾਈ ਨਾ ਕੀਤੀ ਤਾਂ 28 ਤਰੀਕ ਨੂੰ ਸਵੇਰੇ ਡੀਸੀ ਦਫਤਰ ਸਾਹਮਣੇ ਬਾਸਮਤੀ ਸੁੱਟ ਕੇ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ।

ਪੰਧੇਰ ਨੇ ਕਿਹਾ ਕਿ ਪ੍ਰਾਈਵੇਟ ਮੰਡੀਆਂ ਦਾ ਨੁਕਸਾਨ ਸਾਨੂੰ ਇਸ ਵਾਰ ਪਤਾ ਲੱਗਾ ਹੈ ਕਿਉਂਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਬਾਸਮਤੀ 1200 ਰੁਪਏ ਹੇਠਾਂ 2200 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਜਦਕਿ ਪਿਛਲੇ ਸਾਲ ਬਾਸਮਤੀ ਦੀ ਕੀਮਤ ਲਗਭਗ 3400-3500 ਰੁਪਏ ਪ੍ਰਤੀ ਕੁਇੰਟਲ ਦੇ ਕਰੀਬ ਸੀ।

ਉਨ੍ਹਾਂ ਕਿਹਾ ਕਿ ਬਾਸਮਤੀ ਤੋਂ ਬਾਅਦ ਪਰਮਲ ਵੀ ਲਗਭਗ ਇਸੇ ਰੇਟ ’ਤੇ ਵਿਕ ਰਹੀ ਹੈ। ਬਲਕਿ ਬਾਸਮਤੀ, 1509 ਅਤੇ 1692 ਦੀ ਕੀਮਤ ਨਾਲੋਂ ਪਰਮਲ ਦੀ ਕੀਮਤ ਜ਼ਿਆਦਾ ਚੱਲ ਰਹੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਬਾਸਮਤੀ ਦੇ ਹੇਠ ਪੰਜਾਬ ਦਾ ਜਿਆਦਾਤਰ ਰਕਬਾ ਲਿਆਂਦਾ ਜਾਵੇ ਅਤੇ ਖੇਤੀ ਨੀਤੀ ਖਰੜੇ ਵਿੱਚ ਦੀ ਵਿੱਚ ਵੀ ਬਾਸਮਤੀ ਪ੍ਰਮੋਟ ਕਰਨ ਦੀ ਗੱਲ ਆਖੀ ਗਈ ਹੈ ਪਰ ਅੱਜ ਬਾਸਮਤੀ ਦਾ ਰੇਟ ਥੱਲੇ ਡਿੱਗ ਰਿਹਾ ਹੈ ਤੇ ਮੁੱਖ ਮੰਤਰੀ ਇਸ ’ਤੇ ਬੋਲਣ ਲਈ ਕੋਈ ਤਿਆਰ ਨਹੀਂ ਹਨ।