India Lifestyle

ਪੈਰਾਸਿਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ ’ਚ ਫੇਲ੍ਹ! ਪਿਛਲੇ ਮਹੀਨੇ ਹੀ 156 ਦਵਾਈਆਂ ’ਤੇ ਲਾਈ ਸੀ ਪਾਬੰਦੀ

ਬਿਉਰੋ ਰਿਪੋਰਟ: ਪੈਰਾਸਿਟਾਮੋਲ ਸਮੇਤ 53 ਦਵਾਈਆਂ ਗੁਣਵੱਤਾ ਜਾਂਚ ਵਿੱਚ ਫੇਲ੍ਹ ਪਾਈਆਂ ਗਈਆਂ ਹਨ। ਵਿਟਾਮਿਨ, ਸ਼ੂਗਰ ਤੇ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਤੋਂ ਇਲਾਵਾ ਐਂਟੀਬਾਇਓਟਿਕਸ ਵੀ ਸ਼ਾਮਲ ਹਨ। ਦੇਸ਼ ਦੀ ਸਭ ਤੋਂ ਵੱਡੀ ਡਰੱਗ ਰੈਗੂਲੇਟਰੀ ਬਾਡੀ ਸੈਂਟਰਲ ਡਰੱਗਸ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (CDSCO) ਨੇ ਆਪਣੀ ਸੂਚੀ ਜਾਰੀ ਕੀਤੀ ਹੈ। CDSCO ਦੀ ਸੂਚੀ ਵਿੱਚ ਕੈਲਸ਼ੀਅਮ ਅਤੇ ਵਿਟਾਮਿਨ D3 ਪੂਰਕ, ਐਂਟੀ-ਡਾਇਬੀਟੀਜ਼ ਗੋਲੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਸ਼ਾਮਲ ਹਨ।

ਪਾਬੰਦੀਸ਼ੁਦਾ ਦਵਾਈਆਂ ਦੀ ਸੂਚੀ ਵਿੱਚ ਦੌਰੇ ਅਤੇ ਚਿੰਤਾ (Anxiety) ਵਿੱਚ ਵਰਤੀਆਂ ਜਾਣ ਵਾਲੀਆਂ ਕਲੋਨਾਜ਼ੇਪਮ ਗੋਲੀਆਂ, ਦਰਦ ਨਿਵਾਰਕ ਡਾਈਕਲੋਫੇਨੈਕ, ਸਾਹ ਦੀਆਂ ਬਿਮਾਰੀਆਂ ਲਈ ਵਰਤੀਆਂ ਜਾਣ ਵਾਲੀਆਂ ਐਂਬਰੌਕਸੋਲ, ਫੰਗਲ ਵਿਰੋਧੀ ਫਲੂਕੋਨਾਜ਼ੋਲ ਅਤੇ ਕੁਝ ਮਲਟੀ ਵਿਟਾਮਿਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਸ਼ਾਮਲ ਹਨ। ਇਹ ਦਵਾਈਆਂ ਵੱਡੀਆਂ ਕੰਪਨੀਆਂ ਜਿਵੇਂ ਹੇਟਰੋ ਡਰੱਗਜ਼, ਅਲਕੇਮ ਲੈਬਾਰਟਰੀਜ਼, ਹਿੰਦੁਸਤਾਨ ਐਂਟੀਬਾਇਓਟਿਕਸ ਲਿਮਿਟੇਡ (HAL), ਕਰਨਾਟਕ ਐਂਟੀਬਾਇਓਟਿਕਸ ਅਤੇ ਫਾਰਮਾਸਿਊਟੀਕਲਜ਼ ਲਿਮਟਿਡ ਦੁਆਰਾ ਤਿਆਰ ਕੀਤੀਆਂ ਜਾਂਦੀਆਂ ਹਨ।

CDSCO ਨੇ 53 ਦਵਾਈਆਂ ਦੀ ਸੂਚੀ ਕੀਤੀ ਜਾਰੀ

ਹਿੰਦੁਸਤਾਨ ਐਂਟੀਬਾਇਓਟਿਕਸ ਲਿਮਟਿਡ ਦੁਆਰਾ ਨਿਰਮਿਤ ਪੇਟ ਦੀ ਇਨਫੈਕਸ਼ਨ ਲਈ ਦਿੱਤੀ ਜਾਣ ਵਾਲੀ ਦਵਾਈ ਮੈਟ੍ਰੋਨੀਡਾਜ਼ੋਲ ਵੀ ਇਸ ਟੈਸਟ ਵਿੱਚ ਫੇਲ੍ਹ ਹੋ ਗਈ ਹੈ। ਇਸੇ ਤਰ੍ਹਾਂ ਟੋਰੈਂਟ ਫਾਰਮਾਸਿਊਟੀਕਲਜ਼ ਦੀਆਂ ਸ਼ੈਲਕਲ ਗੋਲੀਆਂ ਵੀ ਟੈਸਟ ਵਿੱਚ ਫੇਲ੍ਹ ਹੋਈਆਂ।

ਸੀਡੀਐਸਸੀਓ ਨੇ 53 ਦਵਾਈਆਂ ਦੀ ਸੂਚੀ ਜਾਰੀ ਕੀਤੀ ਹੈ ਜੋ ਟੈਸਟ ਵਿੱਚ ਅਸਫਲ ਰਹੀਆਂ ਹਨ। ਇਨ੍ਹਾਂ ਵਿੱਚੋਂ 5 ਦਵਾਈਆਂ ਨਕਲੀ ਸਨ। ਯਾਨੀ ਕਿ ਦਵਾਈ ਬਣਾਉਣ ਵਾਲੀਆਂ ਕੰਪਨੀਆਂ ਨੇ ਕਿਹਾ ਕਿ ਇਹ ਉਨ੍ਹਾਂ ਦੀਆਂ ਦਵਾਈਆਂ ਨਹੀਂ ਹਨ, ਸਗੋਂ ਉਨ੍ਹਾਂ ਦੇ ਨਾਂ ’ਤੇ ਬਾਜ਼ਾਰ ’ਚ ਨਕਲੀ ਦਵਾਈਆਂ ਵੇਚੀਆਂ ਜਾ ਰਹੀਆਂ ਹਨ।

ਅਗਸਤ ’ਚ 156 ਫਿਕਸਡ ਡੋਜ਼ ਕੰਬੀਨੇਸ਼ਨ ਦਵਾਈਆਂ ’ਤੇ ਪਾਬੰਦੀ

ਕੇਂਦਰ ਸਰਕਾਰ ਨੇ ਇਸੇ ਸਾਲ ਅਗਸਤ ’ਚ 156 ਫਿਕਸਡ ਡੋਜ਼ ਕੰਬੀਨੇਸ਼ਨ (FDC) ਦਵਾਈਆਂ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਬੁਖਾਰ ਅਤੇ ਜ਼ੁਕਾਮ ਤੋਂ ਇਲਾਵਾ, ਇਹਨਾਂ ਨੂੰ ਆਮ ਤੌਰ ’ਤੇ ਦਰਦ ਨਿਵਾਰਕ, ਮਲਟੀ-ਵਿਟਾਮਿਨ ਅਤੇ ਐਂਟੀਬਾਇਓਟਿਕਸ ਵਜੋਂ ਵਰਤਿਆ ਜਾਂਦਾ ਸੀ। ਸਰਕਾਰ ਨੇ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਾਲ ਮਨੁੱਖਾਂ ਲਈ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਹੈ। ਇਸ ਲਈ ਦੇਸ਼ ਭਰ ’ਚ ਇਨ੍ਹਾਂ ਦਵਾਈਆਂ ਦੇ ਉਤਪਾਦਨ, ਖਪਤ ਅਤੇ ਵੰਡ ’ਤੇ ਪਾਬੰਦੀ ਰਹੇਗੀ।