Punjab

ਪੰਜਾਬ ’ਚ ਪੰਚਾਇਤੀ ਚੋਣਾਂ ਦੀ ਤਰੀਕ ਦਾ ਐਲਾਨ, ਚੋਣ ਜ਼ਾਬਤਾ ਲਾਗੂ

ਬਿਉਰੋ ਰਿਪੋਰਟ: ਸੂਬਾ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਦੱਸਿਆ ਕਿ ਪੰਜਾਬ ਦੇ 13,237 ਪਿੰਡਾਂ ਵਿੱਚ ਪੰਚਾਇਤੀ ਚੋਣਾਂ ਲਈ ਵੋਟਿੰਗ 15 ਅਕਤੂਬਰ ਨੂੰ ਸਵੇਰ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ। ਵੋਟਿੰਗ ਦੇ ਲਈ 2 ਤਰ੍ਹਾਂ ਦੇ ਬੈਲਟੇ ਪੇਪਰ ਹੋਣਗੇ। ਸਰਪੰਚ ਲਈ ਗੁਲਾਬੀ ਅਤੇ ਪੰਚ ਲਈ ਸਫੇਦ ਬੈਲੇਟ ਪੇਪਰ ਹੋਣਗੇ, ਬੈਲੇਟ ਪੇਪਰ ਤੇ ਨੋਟਾ ਦਾ ਵੀ ਇਸ ਵਾਰ ਇੰਤਜ਼ਾਮ ਕੀਤਾ ਗਿਆ ਹੈ। 15 ਅਕਤੂਬਰ ਨੂੰ ਹੀ ਨਤੀਜਿਆਂ ਦਾ ਐਲਾਨ ਕਰ ਦਿੱਤਾ ਜਾਵੇਗਾ। ਜਿਸ ਪੋਲਿੰਗ ਬੂਥ ਵਿੱਚ ਜ਼ਿਆਦਾ ਵੋਟਰ ਹੋਣਗੇ ਉੱਥੇ ਹੀ ਗਿਣਤੀ ਹੋਵੇਗੀ।

ਚੋਣਾਂ ਲਈ 27 ਸਤੰਬਰ ਤੋਂ 4 ਨਵੰਬਰ ਤੱਕ ਨਾਮਜ਼ਦਗੀਆਂ ਭਰੀਆਂ ਜਾਣਗੀਆਂ। ਉਮੀਦਵਾਰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਨਾਮਜ਼ਦਗੀਆਂ ਭਰ ਸਕਣਗੇ। 5 ਅਕਤੂਬਰ ਨੂੰ ਨਾਮਜ਼ਦਗੀਆਂ ਦੀ ਛਾਂਟੀ ਹੋਵੇਗੀ ਅਤੇ 7 ਅਕਤੂਬਰ ਨੂੰ ਨਾਂ ਵਾਪਸ ਲੈਣ ਦੀ ਅਖ਼ੀਰਲੀ ਤਰੀਕ ਹੋਵੇਗੀ।

ਪੰਜਾਬ ਵਿੱਚ ਪੰਚਾਇਤੀ ਚੋਣਾਂ ਵਿੱਚ ਇਸ ਵਾਰ 1 ਕਰੋੜ 33 ਲੱਖ ਲੋਕ ਆਪਣੇ ਜ਼ਮੂਰੀ ਹੱਕ ਦੀ ਅਦਾਇਗੀ ਕਰਨਗੇ। ਜਿਨ੍ਹਾਂ ਦੇ ਲਈ 19,110 ਪੋਲਿੰਗ ਬੂਥ ਬਣਾਏ ਗਏ ਹਨ। ਉਮੀਦਵਾਰ ਨੂੰ ਨਾਮਜ਼ਦਗੀਆਂ ਭਰਨ ਵੇਲੇ 100 ਰੁਪਏ ਦੀ ਫੀਸ ਦੇਣੀ ਹੋਵੇਗੀ। ਅਨੁਸੂਚਿਤ ਜਾਤੀਆਂ ਤੇ ਜਨਜਾਤੀਆਂ ਲਈ ਇਹ 50 ਰੁਪਏ ਹੈ।

ਸਰਪੰਚ ਦੀ ਚੋਣ ਦੇ ਲਈ ਖ਼ਰਚੇ ਦੀ ਰਕਮ 40 ਹਜ਼ਾਰ ਹੋਵੇਗੀ ਜਦਕਿ ਪੰਚ ਦੀ ਚੋਣ ਲਈ ਉਮੀਦਵਾਰ 30 ਹਜ਼ਾਰ ਖਰਚ ਕਰ ਸਕਦੇ ਹਨ। ਚੋਣ ਲੜਨ ਦੇ ਲਈ ਉਮਰ 23 ਸਾਲ ਤੈਅ ਕੀਤੀ ਗਈ ਹੈ। ਚੋਣ ਕਮਿਸ਼ਨ ਨੇ ਕਿਹਾ ਝੋਨੇ ਦੀ ਵਾਢੀ ਤੇ ਤਿਉਹਾਰਾਂ ਦੇ ਮੱਦੇਨਜ਼ਰ ਅਤੇ ਬੱਚਿਆਂ ਦੇ ਇਮਤਿਹਾਨਾਂ ਨੂੰ ਧਿਆਨ ਵਿੱਚ ਰੱਖ ਕੇ ਚੋਣ ਸਬੰਧੀ ਸਾਰੀਆਂ ਤਰੀਕਾ ਦਾ ਐਲਾਨ ਕੀਤਾ ਗਿਆ ਹੈ।

ਸੂਬਾ ਚੋਣ ਕਮਿਸ਼ਨਰ ਰਾਜਕਮਲ ਚੌਧਰੀ ਨੇ ਚੋਣਾਂ ਦੀ ਸਾਰੀ ਪ੍ਰਕਿਰਿਆ ਦੇਖਣ ਲਈ ਹਰੇਕ ਜ਼ਿਲ੍ਹੇ ਵਿੱਚ ਆਬਜ਼ਰਵਰ ਲਾਏ ਜਾਣਗੇ ਜੋ ਸੀਨੀਅਰ IAS ਤੇ ਸੀਨੀਅਰ PCS ਅਫ਼ਸਰ ਹੋਣਗੇ। ਇਸ ਦੀ ਲਿਸਟ ਸਰਕਾਰ ਵੱਲੋਂ ਦਿੱਤੀ ਜਾਵੇਗੀ। ਇਹ ਆਬਜ਼ਰਵਰ ਸਮੇਂ-ਸਮੇਂ ਤੇ ਹਾਲਾਤ ਦੀ ਰਿਪੋਰਟ ਕਮਿਸ਼ਨ ਨੂੰ ਦੇਣਗੇ। ਉਨ੍ਹਾਂ ਦੱਸਿਆ ਕਿ ਸਟੇਟ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ www.sec.punjab.gov.in ਵੀ ਅਪਡੇਟ ਕਰ ਦਿੱਤੀ ਗਈ ਹੈ।

ਯਾਦ ਰਹੇ ਪੰਜਾਬ ਵਿੱਚ ਇਸ ਵਾਰ ਪੰਚਾਇਤੀ ਚੋਣਾਂ ਪਾਰਟੀ ਦੇ ਚੋਣ ਨਿਸ਼ਾਨ ’ਤੇ ਨਹੀਂ ਲੜੀਆਂ ਜਾ ਰਹੀਆਂ ਹਨ। ਇਸ ਬਾਰੇ ਜਦੋਂ ਚੋਣ ਕਮਿਸ਼ਨ ਨੂੰ ਪੁੱਛਿਆ ਗਿਆ ਕਿ ਕੋਈ ਉਮੀਦਵਾਰ ਆਪਣੀ ਪਾਰਟੀ ਦਾ ਝੰਡਾ ਲੱਗਾ ਸਕੇਗਾ ਤਾਂ ਉਨ੍ਹਾਂ ਨੇ ਕਿਹਾ ਇਹ ਡੀਸੀ ਤੈਅ ਕਰੇਗਾ।