Punjab

ਮਾਨ ਦੀ ਨਵੀਂ ਟੀਮ ਨੇ ਚੁੱਕੀ ਸਹੁੰ ! 5 ਮੰਤਰੀ ਸ਼ਾਮਲ,4 ਆਊਟ,’ਫ਼ਿਰ ਤੋਂ ਰੰਗਲਾ ਪੰਜਾਬ ਬਣਾਉਣ ਚ ਯੋਗਦਾਨ ਪਾਉਣਗੇ’!

ਬਿਉਰੋ ਰਿਪੋਰਟ – ਮੁੱਖ ਮੰਤਰੀ ਭਗਵੰਤ ਮਾਨ (CM BHAGWANT MANN) ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਢਾਈ ਸਾਲ ਦੇ ਅੰਦਰ ਚੌਥੀ ਵਾਰ ਕੈਬਨਿਟ ਵਿੱਚ ਬਦਲਾਅ (MANN CABINET RESHUFFLE) ਕੀਤਾ ਹੈ । 5 ਨਵੇਂ ਮੰਤਰੀਆਂ ਤਰੁਣਪ੍ਰੀਤ ਸਿੰਘ,ਬਰਿੰਦਰ ਗੋਇਲ,ਹਰਦੀਪ ਸਿੰਘ ਮੁੰਡਿਆ,ਡਾ.ਰਵਜੋਤ ਸਿੰਘ ਅਤੇ ਮਹਿੰਦਰ ਭਗਤ ਨੇ ਸਹੁੰ ਚੁੱਕ ਲਈ ਹੈ । ਇਸ ਤੋਂ ਪਹਿਲਾਂ ਚਾਰ ਮੰਤਰੀ ਅਤੇ ਮੁੱਖ ਮੰਤਰੀ ਦੇ ਸਭ ਤੋਂ ਭਰੋਸੇਮੰਦ OSD ਓਂਕਾਰ ਸਿੰਘ ਦੀ ਛੁੱਟੀ ਕਰ ਦਿੱਤੀ ਹੈ । ਲੋਕਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਸਿਰਫ 3 ਸੀਟਾਂ ਹੀ ਜਿੱਤ ਸਕੀ । ਮੰਤਰੀ ਮੰਡਲ ਨੂੰ ਇਸੇ ਬਦਲਾਅ ਦੇ ਰੂਪ ਵਿੱਚ ਵੇਖਿਆ ਰਿਹਾ ਹੈ । ਪੰਜਾਬ ਵਿੱਚ 18 ਮੰਤਰੀ ਬਣ ਸਕਦੇ ਹਨ 5 ਨਵੇਂ ਵਿਧਾਇਕਾਂ ਨੂੰ ਸਹੁੰ ਚੁਕਾਉਣ ਤੋਂ ਬਾਅਦ ਕੁੱਲ 16 ਮੰਤਰੀ ਹੋ ਗਏ,2 ਦੀ ਥਾਂ ਹੁਣ ਵੀ ਖਾਲੀ ਹੈ ।

ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਮੰਤਰੀਆਂ ਵਧਾਈ ਦਿੰਦੇ ਹੋਏ ਕਿਹਾ ਅੱਜ ਪੰਜਾਬ ਰਾਜਭਵਨ, ਚੰਡੀਗੜ੍ਹ ਵਿਖੇ ਸੂਬੇ ਦੇ ਨਵੇਂ ਮੰਤਰੀਆਂ ਨੇ ਸਹੁੰ ਚੁੱਕੀ ਅਤੇ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਨ ਦਾ ਵੀ ਪ੍ਰਣ ਲਿਆ… ਸਾਰੇ ਨਵ-ਨਿਯੁਕਤ ਮੰਤਰੀਆਂ ਨੂੰ ਸ਼ੁੱਭਕਾਮਨਾਵਾਂ… ਮੈਨੂੰ ਉਮੀਦ ਹੈ ਕਿ ਨਵੇਂ ਮੰਤਰੀ ਸਾਹਿਬਾਨ ਪੰਜਾਬ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ‘ਤੇ ਖਰੇ ਉਤਰਨਗੇ… ਪੰਜਾਬ ਦੇ 3 ਕਰੋੜ ਲੋਕਾਂ ਲਈ ਪੂਰੀ ਇਮਾਨਦਾਰੀ ਨਾਲ਼ ਕੰਮ ਕਰਦੇ ਹੋਏ ਪੰਜਾਬ ਨੂੰ ਫ਼ਿਰ ਤੋਂ ਰੰਗਲਾ ਪੰਜਾਬ ਬਣਾਉਣ ‘ਚ ਆਪਣਾ ਯੋਗਦਾਨ ਪਾਉਣਗੇ…

ਮਹਿੰਦਰ ਭਗਤ – ਮੰਤਰੀ ਦਾ ਅਹੁਦਾ ਸੰਭਾਲਣ ਵਾਲੇ ਮਹਿੰਦਰ ਭਗਤ ਪੇਸ਼ੇ ਤੋਂ ਬਿਜਨੈੱਸਮੈਨ ਹਨ ਪਰ ਉਨ੍ਹਾਂ ਦੇ ਪਿਤਾ ਭਗਤ ਚੁੰਨੀ ਨਾਲ ਅਕਾਲੀ-ਬੀਜੇਪੀ ਸਰਕਾਰ ਵਿੱਚ ਸਾਬਕਾ ਕੈਬਨਿਟ ਮੰਤਰੀ ਰਹੇ ਹਨ। ਜਲੰਧਰ ਵੈਸਟ ਜ਼ਿਮਨੀ ਚੋਣ ਵਿੱਚ ਜ਼ਬਰਦਸਤ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਇਨਾਮ ਮਿਲਿਆ ਹੈ । ਉਨ੍ਹਾਂ ਨੇ 10ਵੀਂ ਤੱਕ ਪੜਾਈ ਕੀਤੀ ਹੈ ਅਤੇ ਕੁੱਲ ਜਾਇਦਾਦ 4 ਕਰੋੜ ਹੈ ।

ਹਰਦੀਪ ਸਿੰਘ ਮੁੰਡਿਆ – ਇਹ ਸਾਹਨੇਵਾਲ ਤੋਂ ਵਿਧਾਇਕ ਹਨ,ਪੇਸ਼ੇ ਤੋਂ ਬਿਜਨੈਸਮੈਨ ਹੈ । ਇੰਨਾਂ ਨੇ ਵੀ 10ਵੀਂ ਤੱਕ ਹੀ ਸਿੱਖਿਆ ਪ੍ਰਾਪਤ ਕੀਤੀ ਹੈ । ਲੁਧਿਆਣਾ ਤੋਂ ਸਰਕਾਰ ਵਿੱਚ ਕੋਈ ਮੰਤਰੀ ਨਹੀਂ ਸੀ । ਜਦਕਿ ਕੇਂਦਰ ਵਿੱਚ ਬੀਜੇਪੀ ਤੋਂ ਰਵਨੀਤ ਬਿੱਟੂ ਮੰਤਰੀ ਸਨ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਐੱਮਪੀ ਹਨ ਇਸੇ ਲਈ ਉਨ੍ਹਾਂ ਨੂੰ ਸਰਕਾਰ ਵਿੱਚ ਥਾਂ ਦਿੱਤੀ ਗਈ ਹੈ ।

ਬਰਿੰਦਰ ਕੁਮਾਰ ਗੋਇਲ – ਲਹਿਰਾਗਾਗਾ ਦੀ ਹਾਈਪ੍ਰੋਫਾਈਲ ਸੀਟ ਤੋਂ ਬਰਿੰਦਰ ਕੁਮਾਰ ਗੋਇਲ ਨੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਅਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਹਰਾਇਆ ਸੀ । ਸਰਕਾਰ ਵਿੱਚ ਬਨਿਆ ਭਾਈਚਾਰੇ ਨੂੰ ਥਾਂ ਦੇਣ ਲਈ ਉਨ੍ਹਾਂ ਨੂੰ ਮੰਤਰੀ ਬਣਾਇਆ ਗਿਆ ਹੈ ਪਹਿਲਾਂ ਵਿਜੇ ਸਿੰਗਲਾ ਮੰਤਰੀ ਸਨ ਪਰ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਸੀ ।

ਤਰੁਣਪ੍ਰੀਤ ਸਿੰਘ ਸੌਂਦ- ਖੰਨਾ ਤੋਂ ਵਿਧਾਇਕ ਸੌਂਦ 12ਵੀਂ ਪਾਸ ਹਨ । ਉਨ੍ਹਾਂ ਨੇ ਬੇਅੰਤ ਸਿੰਘ ਦੇ ਪੋਤਰੇ ਗੁਰਕੀਰਤ ਕੋਟਲੀ ਨੂੰ ਹਰਾਇਆ ਸੀ ਅਤੇ ਉਹ ਆਪਣੇ ਹਲਕੇ ਵਿੱਚ 100 ਔਰਤਾਂ ਨੂੰ ਫ੍ਰੀ ਵਿੱਚ ਸਿਲਾਈ ਦੀ ਸਿੱਖਿਆ ਦੇਣ ਤੋਂ ਬਾਅਦ ਸੁਰੱਖਿਆ ਵਿੱਚ ਆਏ ਸਨ ।

ਡਾਕਟਰ ਰਵਜੋਤ ਸਿੰਘ – ਸ਼ਾਮ ਚੌਰਾਸੀ ਤੋਂ ਵਿਧਾਇਕ ਐੱਮਡੀ ਮੈਡੀਸਨ ਹਨ, ਅਨੁਸੂਚਿਤ ਜਾਤੀ ਨਾਲ ਸਬੰਧ ਰੱਖ ਦੇ ਹਨ । ਦੋਆਬਾ ਹਲਕੇ ਦੀਆਂ 18 ਸੀਟਾਂ ਵਿੱਚ ਅਨੁਸੂਚਿਤ ਜਾਤੀ ਦਾ ਅਹਿਮ ਰੋਲ ਹੈ । ਜਿੰਮਪਾ ਨੂੰ ਹਟਾਏ ਜਾਣ ਤੋਂ ਬਾਅਦ ਹੁਸ਼ਿਆਰਪੁਰ ਨੂੰ ਨੁਮਾਇੰਦਗੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਚਾਰ ਮੰਤਰੀਆਂ ਦੀ ਛੁੱਟੀ ਦੀ ਵਜ੍ਹਾ

ਬਲਕਾਰ ਸਿੰਘ ਨੂੰ 2023 ਵਿੱਚ ਜਲੰਧਰ ਲੋਕਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਕੈਬਨਿਟ ਵਿੱਚ ਇਨਾਮ ਦੇ ਤੌਰ ‘ਤੇ ਥਾਂ ਦਿੱਤੀ ਗਈ ਸੀ । ਪਰ 2024 ਵਿੱਚ ਪਾਰਟੀ ਦੀ ਬੁਰੀ ਹਾਰ ਹੋਈ । ਬਲਕਾਰ ਸਿੰਘ ਤੋਂ ਵਿਧਾਇਕ ਵੀ ਖੁਸ਼ ਨਹੀਂ ਸਨ ਅਤੇ ਮਜੀਠੀਆ ਵੱਲੋਂ ਕਥਿੱਤ ਅਸ਼ਲੀਲ ਸੀਡੀ ਦਾ ਇਲ਼ਜ਼ਾਮ ਲੱਗ ਰਿਹਾ ਸੀ ।

ਅਨਮੋਲ ਗਗਨ ਮਾਨ ਖਿਲਾਫ ਹਲਕੇ ਵਿੱਚ ਗੁੱਸਾ ਸੀ ਲੋਕਸਭਾ ਚੋਣਾਂ ਦੌਰਾਨ ਉਨ੍ਹਾਂ ਦੇ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਨੂੰ 8 ਹਜ਼ਾਰ ਵੋਟਾਂ ਨਾਲ ਹਾਰ ਮਿਲੀ ਸੀ । ਪਿਛਲੇ ਦਿਨਾਂ ਦੌਰਾਨ ਉਨ੍ਹਾਂ ਦੇ ਬਿਆਨ ਦਿੱਤਾ ਸੀ ਕਿ ਕੁਝ ਅਫਸਰ ਉਨ੍ਹਾਂ ਦੇ ਨਾਂ ‘ਤੇ ਪੈਸਾ ਕਮਾ ਰਹੇ ਹਨ । ਪਰਿਵਾਰ ਵੱਲ਼ੋਂ ਹਲਕਾ ਸੰਭਾਲਿਆ ਜਾ ਰਿਹਾ ਸੀ ।

ਚੇਤਨ ਸਿੰਘ ਜੋੜਾਮਾਜਰਾ ਅਤੇ ਬ੍ਰਹਿਮ ਸ਼ੰਕਰ ਜਿੰਪਾ ਦਾ ਬਦਲਣਾ ਹੈਰਾਨ ਕਰਨ ਵਾਲਾ ਹੈ। ਕਿਉਂਕਿ ਦੋਵੇ ਮੁੱਖ ਮੰਤਰੀ ਦੇ ਕਰੀਬੀ ਸੀ ।