Punjab

‘ਜੇ ਮੈਂ ਫੀਤਾ ਬੰਨਣ ਵੀ ਬੈਠ ਜਾਵਾਂ ਤਾਂ ਵਿਰੋਧੀ ਕਹਿੰਦੇ ਨੇ ਮਾਨ ਡਿੱਗ ਗਿਆ’

ਬਠਿੰਡਾ : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣਾ ਵਾਅਦਾ ਪੁਗਾਉਂਦਿਆਂ ਅਤੇ ਦਿੱਲੀ ਮਾਡਲ ਲਾਗੂ ਕਰਦਿਆਂ ਆਜ਼ਾਦੀ ਦਿਵਸ ਉੱਤੇ 75 ਮੁਹੱਲਾ ਕਲੀਨਿਕਾਂ ਦੇ ਮਰੀਜ਼ਾਂ ਦੇ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਹੋਰ 30 ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ ਹੈ। ਹੁਣ ਤੱਕ ਸੂਬੇ ਵਿੱਚ ਕੁੱਲ 842 ਆਮ ਆਦਮੀ ਕਲੀਨਿਕ ਖੁੱਲ ਚੁੱਕੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਅੱਜ 30 ਆਮ ਆਦਮੀ ਕਲੀਨਿਕ ਨਵੇਂ ਹੋਰ ਖੁੱਲ੍ਹ ਗਏ ਹਨ। ਵੋਟਾਂ ਤੋਂ ਪਹਿਲਾਂ ਹੀ ਅਸੀਂ ਲੋਕਾਂ ਨਾਲ ਸਿਹਤ ਸੇਵਾਵਾਂ ਦਾ ਵਾਅਦਾ ਕੀਤਾ ਸੀ, ਉਸ ਨੂੰ ਅਸੀਂ ਪੂਰਾ ਕਰ ਰਹੇ ਹਾਂ। ਦਿੱਲੀ ਦਾ ਮਾਡਲ ਵੀ ਕਾਮਯਾਬ ਹੋਇਆ ਸੀ ਅਤੇ ਪੰਜਾਬ ਦਾ ਮਾਡਲ ਵੀ ਕਾਮਯਾਬ ਹੋਇਆ ਹੈ। ਲੋਕਾਂ ਨੂੰ 25-25 ਕਿਲੋਮੀਟਰ ਜਾਣਾ ਪੈਂਦਾ ਸੀ ਹੁਣ ਉਨ੍ਹਾਂ ਨੂੰ ਸਿਹਤ ਸੇਵਾਵਾਂ ਆਪਣੇ ਪਿੰਡਾਂ ਵਿੱਚ ਹੀ ਮਿਲ ਰਹੀਆਂ ਹਨ।

ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਮੈਨੂੰ ਲਾਣੇਦਾਰ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਢਾਈ ਸਾਲ ਦੀ ਕਾਰਗੁਜਾਰੀ ਦੇ ਵਿੱਚ 44 ਹਜ਼ਾਰ 786 ਨੌਕਰੀਆਂ ਦਿੱਤੀਆਂ ਗਈਆਂ ਹਨ। ਵਿਰੋਧੀਆਂ ‘ਤੇ ਨਿਸ਼ਾਨਾ ਸਾਧਦਿਆਂ ਮਾਨ ਨੇ ਕਿਹਾ ਕਿ ਅਮਰੀਕਾ ਵਾਲੇ ਪੁਲਾੜ ਵਿੱਚ ਪਲਾਟ ਕੱਟਣ ਨੂੰ ਫਿਰਦੇ ਹਨ ਪਰ ਇੱਥੇ ਹਾਲੇ ਤੱਕ ਰਾਮਪੁਰਾ ਫੂਲ ਦੇ ਸੀਵਰੇਜ ਦੇ ਢੱਕਣ ਹੀ ਨਹੀਂ ਪੂਰੇ ਹੋਏ।

ਮਾਨ ਨੇ ਕਿਹਾ ਕਿ ਵਿਰੋਧੀ ਤਾਂ ਤੜਕਸਾਰ ਹੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹਨ। ਮਾਨ ਨੇ ਕਿਹਾ ਕਿ ਜੇਕਰ ਉਹ ਬੂਟ ਦਾ ਫੀਤਾ ਵੀ ਬੰਨਣ ਦੇ ਲਈ ਬੈਠਦੇ ਹਨ ਤਾਂ ਵਿਰੋਧੀ ਕਹਿੰਦੇ ਨੇ ਕਿ ਭਗਵੰਤ ਮਾਨ ਡਿੱਗ ਗਿਆ।

ਮਾਨ ਨੇ ਕਿਹਾ ਕਿ -ਅਫਸਰਾਂ ਨੂੰ ਕਿਹਾ ਹੈ ਕੀ ਲੋਕਾਂ ਕੋਲ ਜਾਉ, ਲੋਕਾਂ ਦੇ ਮਸਲੇ ਲੋਕਾਂ ਵਿੱਚ ਬੈਠ ਕੇ ਹੱਲ ਕਰੋ। ਸਿਰਫ਼ 21 ਫ਼ੀਸਦੀ ਨਹਿਰਾਂ ਦਾ ਪਾਣੀ ਹੀ ਅਸੀਂ ਵਰਤਦੇ ਸੀ ਜਿਸ ਦਿਨ ਸਾਡੀ ਸਰਕਾਰ ਬਣੀ ਸੀ ਅੱਜ 84 ਫ਼ੀਸਦੀ ਨਹਿਰਾਂ ਦਾ ਪਾਣੀ ਵਰਤ ਰਹੇ ਹਾਂ। ਇਸ ਨੂੰ ਅਸੀਂ 100 ਫੀਸਦੀ ਵਰਤੋਂ ਤੇ ਲੈ ਕੇ ਜਾਣਾ। ਇਸ ਨਾਲ 5 ਤੋਂ 6 ਲੱਖ ਟਿਊਬਵੈੱਲ ਬੰਦ ਹੋਣਗੇ। ਬਿਜਲੀ ਵੀ ਬਚਤ ਹੋਵੇਗੀ। ਆਉਣ ਵਾਲੇ ਦਿਨਾਂ ਵਿੱਚ ਪਾਣੀ ਨੂੰ ਲੈ ਕੇ ਵੱਡੀਆਂ ਖੁਸ਼ ਖਬਰੀਆਂ ਦੇਵਾਂਗੇ। ਲੋਕਾਂ ਨੂੰ ਮਾਣ ਹੈ ਕੀ ਉਨਾਂ ਦਾ ਮੁੱਖ ਮੰਤਰੀ ਉਨਾਂ ਵਰਗਾ ਹੀ ਹੈ, ਨਾ ਕੀ ਪੁਰਾਣਿਆਂ ਵਰਗਾ।

ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵੱਡਾ ਐਲਾਨ ਕੀਤਾ। ਉਨ੍ਹਾਂ ਬਠਿੰਡਾ ਜ਼ਿਲ੍ਹਾ ਦੇ ਚਾਉਕੇ ਵਿਖੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ  ਚੋਣ ਕਮਿਸ਼ਨ ਪੰਚਾਇਤੀ ਚੋਣਾਂ ਦਾ ਕਿਸੇ ਸਮੇਂ ਵੀ ਐਲਾਨ ਕਰ ਸਕਦਾ ਹੈ।

ਉਨ੍ਹਾਂ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਪੜ੍ਹੇ ਲਿਖੇ ਨੌਜਵਾਨ ਹਿੱਸਾ ਲੈਣ। ਉਨ੍ਹਾਂ ਐਲਾਨ ਕੀਤਾ ਕਿ ਜਿਹੜੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ ਚੁਣਿਆ ਜਾਵੇਗਾ ਉਸ ਪਿੰਡ ਨੂੰ 5 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ। ਇਸ ਤੋਂ ਇਲਾਵਾ ਸਰਬਸੰਮਤੀ ਨਾਲ ਚੁਣੀ ਜਾਣ ਵਾਲੀ ਪੰਚਾਇਤ ਨੂੰ ਪਿੰਡ ਲਈ ਸਕੂਲ, ਸਟੇਡੀਐਮ ਜਾਂ ਮੁਹੱਲਾ ਕਲੀਨਿਕ ਪਹਿਲ ਦੇ ਆਧਾਰ ‘ਤੇ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ, ਕਿਸੇ ਵੀ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਇਸ ਨਾਲ ਪਿੰਡਾਂ ਵਿੱਚ ਭਾਈਚਾਰਾ ਬਣਿਆ ਰਹੇਗਾ। ਨਾਲ ਹੀ ਉਨ੍ਹਾਂ ਕਿਹਾ ਕਿ ਇਸ ਵਾਰ ਭੁੱਲ ਕੇ ਵੀ ਸਰਪੰਚੀ ਦੀਆਂ ਚੋਣਾਂ ਵਿਚ 40 ਲੱਖ ਨਾ ਲਗਾ ਲਓ, ਇਹ ਨਾ ਸੋਚ ਲੈਣਾ ਕਿ 40 ਲਗਾ ਕੇ 80 ਲੱਖ ਕੱਢ ਲਵਾਂਗੇ। ਮੈਂ ਪੰਚਾਇਤ ਦਾ ਇਕ ਵੀ ਰੁਪਿਆ ਨਹੀਂ ਖਾਣ ਦੇਣਾ।