Punjab

ਭਗਵੰਤ ਮਾਨ ਵਜ਼ਾਰਤ ’ਚ ਭਲਕੇ ਹੋਵੇਗਾ ਵੱਡਾ ਫੇਰਬਦਲ! ਕੁੱਝ ਮੰਤਰੀਆਂ ਦੀ ਛੁੱਟੀ! ਕੁਝ ਨਵੇਂ ਚਿਹਰੇ ਹੋਣਗੇ ਸ਼ਾਮਲ

ਬਿਉਰੋ ਰਿਪੋਰਟ (ਚੰਡੀਗੜ੍ਹ): ਪੰਚਾਇਤੀ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਕੱਲ੍ਹ ਸੋਮਵਾਰ 23 ਸਤੰਬਰ ਨੂੰ ਵੱਡਾ ਧਮਾਕਾ ਕਰਨ ਜਾ ਰਹੇ ਹਨ। ’ਦ ਖ਼ਾਲਸ ਟੀਵੀ ਦੇ ਬਹੁਤ ਹੀ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਭਗਵੰਤ ਮਾਨ ਵਜ਼ਾਰਤ ਵਿੱਚ ਕੱਲ੍ਹ ਵੱਡਾ ਫੇਰਬਦਲ ਹੋਵੇਗਾ। ਇੱਥੋਂ ਤੱਕ ਕੇ ਕੱਲ੍ਹ ਹੀ ਰਾਜ ਭਵਨ ਵਿੱਚ ਸਹੁੰ ਚੁੱਕ ਸਮਾਗਮ ਕਰਵਾਏ ਜਾਣ ਦੀ ਪੂਰੀ ਸੰਭਾਵਨਾ ਹੈ। ਅੱਜ ਰਾਤ ਤੱਕ ਨਵੇਂ ਮੰਤਰੀਆਂ ਦੇ ਨਾਵਾਂ ਨੂੰ ਅੰਤਿਮ ਰੂਪ ਦੇ ਦਿੱਤਾ ਜਾਵੇਗਾ।

ਹਾਸਲ ਜਾਣਕਾਰੀ ਮੁਤਾਬਕ ਵਜ਼ਾਰਤ ਦੇ ਮੌਜੂਦਾ 3-4 ਮੰਤਰੀਆਂ ਦੀ ਛੁੱਟੀ ਕਰਕੇ ਉਨ੍ਹਾਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਸੌਂਪੀਆਂ ਜਾ ਸਕਦੀਆਂ ਹਨ, ਜਦਕਿ 5 ਆਪ ਵਿਧਾਇਕਾਂ ਨੂੰ ਨਵੇਂ ਮੰਤਰੀਆਂ ਵਜੋਂ ਵਜ਼ਾਰਤ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸਾਡੇ ਸੂਤਰਾਂ ਦੇ ਹਵਾਲੇ ਤੋਂ ਇਨ੍ਹਾਂ ਦੇ ਨਾਂ ਵੀ ਸਾਹਮਣੇ ਆਏ ਹਨ। ਫਿਲਹਾਲ ਇਹ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਕਿ ਮੌਜੂਦਾ ਮੰਤਰੀਆਂ ਨੂੰ ਵਜ਼ਾਰਤ ਤੋਂ ਕਿਉਂ ਹਟਾਇਆ ਜਾ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਮੌਜੂਦਾ ਕੈਬਨਿਟ ਵਿੱਚੋਂ ਮੰਤਰੀ ਚੇਤਨ ਸਿੰਘ ਜੌੜਾਮਾਜਰਾ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਤੇ ਅਨਮੋਲ ਗਗਨ ਮਾਨ ਦੀ ਛੁੱਟੀ ਕੀਤੀ ਜਾ ਸਕਦੀ ਹੈ ਤੇ ਇਨ੍ਹਾਂ ਦੀ ਥਾਂ ’ਤੇ ਬਰਿੰਦਰ ਕੁਮਾਰ ਗੋਇਲ, ਡਾ. ਰਵੀਜੋਤ, ਤਰਨਪ੍ਰੀਤ ਸਿੰਘ ਸੌਂਦ, ਮੋਹਿੰਦਰ ਭਗਤ ਅਤੇ ਹਰਦੀਪ ਸਿੰਘ ਮੁੰਡੀਆਂ ਨੂੰ ਵਜ਼ਾਰਤ ਵਿੱਚ ਜਗ੍ਹਾ ਮਿਲੇਗੀ।

ਇਨ੍ਹਾਂ ਵਿੱਚੋਂ ਸਭ ਤੋਂ ਅਹਿਮ ਨਾਂ ਅਨਮੋਲ ਗਗਨ ਮਾਨ ਅਤੇ ਜਲੰਧਰ ਪੱਛਮੀ ਤੋਂ ਨਵੇਂ ਸਾਂਸਦ ਮੋਹਿੰਦਰ ਭਗਤ ਦਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਚੋਣਾਂ ਵੇਲੇ ਜਲੰਧਰ ਪੱਛਮੀ ਦੇ ਵੋਟਰਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਉਮੀਦਵਾਰ ਮੋਹਿੰਦਰ ਭਗਤ ਨੂੰ ਜਿਤਾ ਕਿ ਵਿਧਾਨ ਸਭਾ ਪਹੁੰਚਾਉਣ, ਵਜ਼ਾਰਤ ਵਿੱਚ ਉਹ ਆਪ ਲੈ ਕੇ ਜਾਣਗੇ। ਇਸ ਤਰ੍ਹਾਂ ਹੁਣ ਉਹ ਜਨਤਾ ਨਾਲ ਕੀਤਾ ਆਪਣਾ ਵਾਅਦਾ ਪੁਗਾਉਣ ਜਾ ਰਹੇ ਹਨ।