Punjab

ਜਲੰਧਰ ਗੈਸ ਲੀਕ ਮਾਮਲਾ: ਨਗਰ ਨਿਗਮ, PSPCL, ਉਦਯੋਗ ਤੇ ਪ੍ਰਦੂਸ਼ਣ ਵਿਭਾਗ ਸਮੇਤ ਫੈਕਟਰੀ ਮਾਲਕ ਖ਼ਿਲਾਫ਼ ਮਾਮਲਾ ਦਰਜ

ਬਿਉਰੋ ਰਿਪੋਰਟ: ਜਲੰਧਰ ਵਿੱਚ ਸ਼ਨੀਵਾਰ (21 ਸਤੰਬਰ) ਨੂੰ ਆਈਸ ਫੈਕਟਰੀ ਵਿੱਚ ਅਮੋਨੀਆ ਗੈਸ ਲੀਕ ਹੋਣ ਕਾਰਨ ਇਕ ਵਿਅਕਤੀ ਦੀ ਮੌਤ ਹੋਣ ਤੋਂ ਬਾਅਦ ਪੁਲਿਸ ਨੇ ਦੇਰ ਰਾਤ ਮਾਮਲਾ ਦਰਜ ਕਰ ਲਿਆ ਹੈ। ਐਫਆਈਆਰ ਵਿੱਚ ਫੈਕਟਰੀ ਮਾਲਕ ਨਿਨੀ ਕੁਮਾਰ ਜੈਨ ਵਾਸੀ ਮੁਹੱਲਾ ਨੰਬਰ 32, ਜਲੰਧਰ ਕੈਂਟ, ਸਮੇਤ ਨਗਰ ਨਿਗਮ ਦੇ ਅਧਿਕਾਰੀਆਂ, ਪੰਜਾਬ ਫੈਕਟਰੀ ਵਿਭਾਗ ਦੇ ਅਧਿਕਾਰੀਆਂ, ਪੰਜਾਬ ਉਦਯੋਗ ਵਿਭਾਗ ਦੇ ਅਧਿਕਾਰੀਆਂ, ਪਾਵਰਕਾਮ (ਬਿਜਲੀ) ਅਤੇ ਪ੍ਰਦੂਸ਼ਣ ਵਿਭਾਗ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਹਾਲਾਂਕਿ ਇਸ ਮਾਮਲੇ ਵਿੱਚ ਫਿਲਹਾਲ ਕਿਸੇ ਅਧਿਕਾਰੀ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ ਹੈ। ਪਰ ਜਾਂਚ ਤੋਂ ਬਾਅਦ ਉਨ੍ਹਾਂ ਦੇ ਨਾਂ ਸ਼ਾਮਲ ਕੀਤੇ ਜਾਣਗੇ ਕਿ ਘਟਨਾ ਦੇ ਸਮੇਂ ਕਿਹੜੇ ਅਧਿਕਾਰੀ ਡਿਊਟੀ ’ਤੇ ਸਨ। ਦਰਜ ਕਰਵਾਈ ਗਈ ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਜੈਨ ਆਈਸ ਫੈਕਟਰੀ ਵਿੱਚ ਉਕਤ ਗੈਸ ਲੀਕ ਹੋਈ ਸੀ। ਜਿਸ ਵਿੱਚ ਸ਼ੀਤਲ ਸਿੰਘ ਵਾਸੀ ਉਪਕਾਰ ਨਗਰ ਮੁਹੱਲਾ (ਕਿਸ਼ਨਪੁਰਾ) ਦੀ ਮੌਤ ਹੋ ਗਈ ਸੀ। ਜਿਸ ਕਾਰਨ ਉਕਤ ਮਾਮਲੇ ਵਿੱਚ ਫੈਕਟਰੀ ਮਾਲਕ ਅਤੇ ਉਕਤ ਵਿਭਾਗ ਦੇ ਅਧਿਕਾਰੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਕਿਉਂਕਿ ਉਕਤ ਵਿਭਾਗ ਵੱਲੋਂ ਫੈਕਟਰੀ ਨੂੰ ਮਨਜ਼ੂਰੀ ਦਿੱਤੀ ਗਈ ਸੀ। ਫਿਲਹਾਲ ਮਾਮਲੇ ’ਚ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।

1 ਵਿਅਕਤੀ ਦੀ ਮੌਤ, 3 ਜਣੇ ਹੋਏ ਸਨ ਬੇਹੋਸ਼

ਦੱਸ ਦੇਈਏ ਕਿ ਜੈਨ ਆਈਸ ਫੈਕਟਰੀ ਅੰਦਰ ਗੈਸ ਲੀਕ ਹੋਣ ਕਾਰਨ ਸ਼ੀਤਲ ਸਿੰਘ ਦੀ ਦਮ ਘੁੱਟਣ ਨਾਲ ਮੌਤ ਹੋ ਗਈ ਸੀ ਅਤੇ ਇੱਕ ਔਰਤ ਸਮੇਤ ਤਿੰਨ ਲੋਕ ਬੇਹੋਸ਼ ਹੋ ਗਏ ਸਨ। ਘਟਨਾ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਕਰੀਬ 2 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਗੈਸ ਲੀਕੇਜ ਨੂੰ ਰੋਕਿਆ ਅਤੇ ਰਾਤ ਕਰੀਬ 11 ਵਜੇ ਗੈਸ ਦੀ ਲੀਕੇਜ ਕਾਬੂ ਕੀਤੀ ਗਈ। ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ। ਘਟਨਾ ਬੀਤੇ ਦਿਨ ਸ਼ਨੀਵਾਰ ਦੁਪਹਿਰ 2 ਵਜੇ ਦੀ ਹੈ। ਸ਼ੀਤਲ ਨੇ 3 ਮਹੀਨੇ ਪਹਿਲਾਂ ਹੀ ਉਕਤ ਫੈਕਟਰੀ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।

ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗੈਸ ਦੀ ਲੀਕੇਜ ਪਾਈਪ ਫਟਣ ਕਾਰਨ ਹੋਈ ਸੀ। ਪੁਲਿਸ ਕਮਿਸ਼ਨਰ ਨੇ ਮੌਕੇ ਦੀ ਜਾਂਚ ਕਰਨ ਤੋਂ ਬਾਅਦ ਤੁਰੰਤ ਮਾਮਲੇ ਦੀ ਐਫਆਈਆਰ ਦਰਜ ਕਰਨ ਦੇ ਹੁਕਮ ਦਿੱਤੇ ਸਨ। ਜਾਂਚ ਦੀ ਰਿਪੋਰਟ 15 ਦਿਨਾਂ ਦੇ ਅੰਦਰ ਡੀਸੀ ਨੂੰ ਸੌਂਪੀ ਜਾਵੇਗੀ। ਫਿਰ ਅਧਿਕਾਰੀਆਂ ਦੇ ਨਾਂ ਸ਼ਾਮਲ ਕੀਤੇ ਜਾਣਗੇ। ਜਲੰਧਰ ਦੇ ਡੀਸੀ ਹਿਮਾਂਸ਼ੂ ਅਗਰਵਾਲ ਨੇ ਮਾਮਲੇ ਦੀ ਜਾਂਚ ਐਸਡੀਐਮ-1 ਨੂੰ ਸੌਂਪੀ ਸੀ।

ਜਾਣਕਾਰੀ ਲਈ ਦੱਸ ਦੇਈਏ ਅਮੋਨੀਆ ਗੈਸ ਦੀ ਵਰਤੋਂ ਏਅਰ ਕੰਡੀਸ਼ਨਰਾਂ ਅਤੇ ਫਰਿੱਜਾਂ ਵਿੱਚ ਕੀਤੀ ਜਾਂਦੀ ਹੈ। ਇਸ ਗੈਸ ਦੀ ਵਰਤੋਂ ਛੋਟੇ ਤੋਂ ਵੱਡੇ ਫਰਿੱਜਾਂ ਵਿੱਚ ਵੀ ਕੀਤੀ ਜਾਂਦੀ ਹੈ।