India Khaas Lekh Khalas Tv Special Punjab Religion

ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ’ਤੇ ਪੁਲਿਸ ਵੱਲੋਂ ਥਾਣੇ ਅੰਦਰ ਕੁਕਰਮ! 5 ਮੁਲਾਜ਼ਮ ਮੁਅੱਤਲ; SGPC ਵੱਲੋਂ ਗ੍ਰਹਿ ਮੰਤਰੀ ਤੋਂ ਦਖ਼ਲ ਦੀ ਮੰਗ

ਬਿਉਰੋ ਰਿਪੋਰਟ (ਗੁਰਪ੍ਰੀਤ ਕੌਰ): ਉੜੀਸਾ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ਦੀ ਬੇਰਹਿਮੀ ਨਾਲ ਕੁੱਟਮਾਰ ਅਤੇ ਜਿਨਸੀ ਹਿੰਸਾ ਦਾ ਮਾਮਲਾ ਸਾਹਮਣੇ ਆਇਆ ਹੈ। ਫੌਜੀ ਅਧਿਕਾਰੀ ਦੀ ਮੰਗੇਤਰ ਨੇ ਕਿਹਾ ਹੈ ਕਿ ਮੈਨੂੰ ਹੱਥ-ਪੈਰ ਬੰਨ੍ਹ ਕੇ ਥਾਣੇ ’ਚ ਰੱਖਿਆ ਗਿਆ। ਕੁਝ ਦੇਰ ਬਾਅਦ ਇੱਕ ਪੁਲਿਸ ਵਾਲਾ ਆਇਆ ਅਤੇ ਮੇਰੇ ਅੰਡਰਗਾਰਮੈਂਟਸ ਉਤਾਰ ਦਿੱਤੇ ਅਤੇ ਮੇਰੀ ਛਾਤੀ ’ਤੇ ਲੱਤਾਂ ਮਾਰੀਆਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੀੜਤਾ ਨੇ ਰੋਂਦੇ ਹੋਏ ਕਿਹਾ ਕਿ ਮੈਂ ਮਦਦ ਲਈ ਚੀਕ ਰਹੀ ਸੀ, ਪਰ ਮੇਰੇ ਨਾਲ ਜ਼ੁਲਮ ਕੀਤਾ ਗਿਆ। ਪੁਲਿਸ ਵਾਲਿਆਂ ਦੇ ਜ਼ੁਲਮ ਇੱਥੇ ਹੀ ਨਹੀਂ ਰੁਕੇ। ਕੁੱਟਮਾਰ ਤੋਂ ਬਾਅਦ ਇੱਕ ਪੁਲਿਸ ਅਫਸਰ ਫਿਰ ਆਇਆ, ਉਸ ਨੇ ਮੇਰੀ ਪੈਂਟ ਨੂੰ ਥੋੜਾ ਹੇਠਾਂ ਉਤਾਰਿਆ ਅਤੇ ਫਿਰ ਆਪਣੀ ਪੈਂਟ ਨੂੰ ਹੇਠਾਂ ਖਿੱਚਿਆ, ਆਪਣਾ ਗੁਪਤ ਅੰਗ ਦਿਖਾਉਂਦੇ ਹੋਏ ਕਿਹਾ ਕਿ ਤੂੰ ਚੁੱਪ ਰਹਿ। ਇਸ ਤੋਂ ਬਾਅਦ ਮੈਨੂੰ ਬਲਾਤਕਾਰ ਦੀ ਧਮਕੀ ਦਿੱਤੀ ਗਈ।

ਪੀੜਤਾ ਨੇ ਇਲਜ਼ਾਮ ਲਾਇਆ ਹੈ, “ਮੇਰੀਆਂ ਦੋਵੇਂ ਬਾਹਵਾਂ ’ਤੇ ਦੋ ਪੁਰਸ਼ ਅਫ਼ਸਰਾਂ ਨੇ ਆਪਣੇ ਪੈਰ ਰੱਖੇ ਸਨ ਜਦਕਿ ਇੱਕ ਮਹਿਲਾ ਅਫ਼ਸਰ ਨੇ ਮੇਰੇ ਹੱਥ ਫੜੇ ਹੋਏ ਸਨ। ਇੱਕ ਹੋਰ ਮਹਿਲਾ ਅਫ਼ਸਰ ਮੇਰੀ ਛਾਤੀ ਤੇ ਪੇਟ ’ਤੇ ਲੱਤਾਂ ਮਾਰੀ ਜਾ ਰਹੀ ਸੀ। ਇੱਕ ਨੇ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ। ਕੁਝ ਦੇਰ ਬਾਅਦ ਇੱਕ ਪੁਰਸ਼ ਅਫ਼ਸਰ ਨੇ ਮੇਰੀ ਜੈਕੇਟ ਨਾਲ ਮੇਰੇ ਦੋਵੇਂ ਹੱਥ ਬੰਨ੍ਹ ਦਿੱਤੇ ਤੇ ਇੱਕ ਮਹਿਲਾ ਅਧਿਕਾਰੀ ਨੇ ਮੇਰੇ ਸਕਾਰਫ ਨਾਲ ਮੇਰੇ ਪੈਰ ਬੰਨ੍ਹੇ। ਫਿਰ ਮੈਨੂੰ ਘਸੀਟਦਿਆਂ ਹੋਇਆਂ ਇੱਕ ਕਮਰੇ ਵਿੱਚ ਜਾ ਕੇ ਬੰਦ ਕਰ ਦਿੱਤਾ। ਉੱਥੇ ਮੇਰੇ ਨਾਲ ਜਿਣਸੀ ਹਿੰਸਾ ਹੋਈ।”

ਉਸ ਨੇ ਕਿਹਾ, “ਅਗਲੀ ਸਵੇਰੇ 6 ਵਜੇ ਦੇ ਕਰੀਬ ਜਦੋਂ ਥਾਣਾ ਇੰਚਾਰਜ ਥਾਣੇ ਪਹੁੰਚੇ ਤਾਂ ਮੇਰੇ ਮਨ ’ਚ ਥੋੜ੍ਹੀ ਜਿਹੀ ਆਸ ਜਾਗੀ ਪਰ ਇੰਚਾਰਜ ਨੇ ਮੇਰੀ ਗੱਲ ਸੁਣਨ ਦੀ ਬਜਾਏ ਮੇਰੇ ਮੂੰਹ ’ਤੇ ਲੱਤਾਂ ਮਾਰੀਆਂ ਅਤੇ ਮੇਰੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ | ਮੈਂ ਚੀਕਾਂ ਮਾਰਦੀ ਰਹੀ ਪਰ ਮੇਰੀ ਕਿਸੇ ਨੇ ਨਹੀਂ ਸੁਣੀ।”

ਏਮਜ਼ ਦੀ ਮੈਡੀਕਲ ਰਿਪੋਰਟ ਮੁਤਾਬਕ ਪੀੜਤ ਔਰਤ ਦੇ ਪੂਰੇ ਸਰੀਰ ’ਤੇ ਕੁੱਟਮਾਰ ਦੇ ਨਿਸ਼ਾਨ ਹਨ, ਉਸ ਦਾ ਇਕ ਦੰਦ ਟੁੱਟ ਗਿਆ ਹੈ ਅਤੇ ਉਸ ਦਾ ਜਬਾੜਾ ਵੀ ਜ਼ਖ਼ਮੀ ਹੈ। ਉਸ ਦੇ ਇੱਕ ਹੱਥ ਦੀ ਹੱਡੀ ਵੀ ਟੁੱਟ ਗਈ ਹੈ।

ਪੱਛਮੀ ਬੰਗਾਲ ’ਚ ਤਾਇਨਾਤ ਇਕ ਫੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੇ 15 ਸਤੰਬਰ ਨੂੰ ਭਰਤਪੁਰ ਪੁਲਿਸ ਸਟੇਸ਼ਨ ਵਿੱਚ ਰੋਡ ਰੇਜ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਤੋਂ ਬਾਅਦ 20 ਸਤੰਬਰ ਨੂੰ ਭੁਵਨੇਸ਼ਵਰ ਦੇ ਇਕ ਥਾਣੇ ਵਿੱਚ ਭਾਰਤੀ ਫੌਜ ਦੇ ਇੱਕ ਅਧਿਕਾਰੀ ਅਤੇ ਉਸ ਦੀ ਮੰਗੇਤਰ ਖ਼ਿਲਾਫ਼ ਪੁਲਿਸ ਵੱਲੋਂ ਕਥਿਤ ਤੌਰ ’ਤੇ ਕੁੱਟਮਾਰ ਅਤੇ ਜ਼ਿਆਦਤੀ ਕਰਨ ਦਾ ਮਾਮਲਾ ਦਰਜ ਕੀਤਾ ਗਿਆ।

ਮਾਮਲੇ ’ਚ ਫੌਜ ਦਾ ਦਖ਼ਲ

ਫੌਜ ਅਤੇ ਇਸ ਦੇ ਸੇਵਾਮੁਕਤ ਅਫਸਰਾਂ ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਫੌਜ ਦੀ ਕੇਂਦਰੀ ਕਮਾਨ ਨੇ ਆਪਣੀ ਐਕਸ ਹੈਂਡਲ ਸੂਰਿਆ ਕਮਾਂਡ ਤੋਂ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਫੌਜ ਇਸ ਘਟਨਾ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਉਚਿਤ ਕਾਰਵਾਈ ਲਈ ਰਾਜ ਦੇ ਅਧਿਕਾਰੀਆਂ ਦੇ ਸੰਪਰਕ ਵਿਚ ਹੈ।

ਇਸ ਘਟਨਾ ਨੂੰ ਲੈ ਕੇ ਸੇਵਾਮੁਕਤ ਅਧਿਕਾਰੀਆਂ ਨੇ ਕਮਿਸ਼ਨਰ ਦਫ਼ਤਰ ਅੱਗੇ ਪ੍ਰਦਰਸ਼ਨ ਕਰਦਿਆਂ ਦੋਸ਼ੀ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਇਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਸੀ ਅਤੇ ਪੰਜ ਪੁਲਿਸ ਕਰਮਚਾਰੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਆਰਮੀ ਸੈਂਟਰਲ ਕਮਾਂਡ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੀਐਸ ਸ਼ੇਖਾਵਤ ਨੇ ਉੜੀਸਾ ਹਾਈ ਕੋਰਟ ਦੇ ਚੀਫ਼ ਜਸਟਿਸ ਸੀਐਸ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਪੀੜਤ ਫ਼ੌਜੀ ਅਧਿਕਾਰੀ ਅਤੇ ਉਸ ਦੀ ਮੰਗੇਤਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ।

ਮਾਮਲੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਸਾਬਕਾ ਫੌਜੀ ਨ
ਮਾਮਲੇ ਖ਼ਿਲਾਫ਼ ਪ੍ਰਦਰਸ਼ਨ ਕਰਦੇ ਸਾਬਕਾ ਫੌਜੀ
ਪੰਜ ਪੁਲਿਸ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ

ਇਸ ਮਾਮਲੇ ਦੇ ਤੇਜ਼ ਹੋਣ ਤੋਂ ਬਾਅਦ ਉੜੀਸਾ ਪੁਲਿਸ ਹਰਕਤ ਵਿੱਚ ਆ ਗਈ ਹੈ। ਉੜੀਸਾ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਸ਼ੁੱਕਰਵਾਰ ਨੂੰ ਪੁਲਿਸ ਹਿਰਾਸਤ ਵਿੱਚ ਇੱਕ ਫੌਜੀ ਅਧਿਕਾਰੀ ਦੀ ਮੰਗੇਤਰ ’ਤੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਮਾਮਲਾ ਦਰਜ ਕੀਤਾ ਹੈ ਹਾਲਾਂਕਿ, ਪੁਲਿਸ ਨੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ ਅਤੇ ਘਟਨਾ ਦਾ ਵੱਖਰਾ ਪਹਿਲੂ ਪੇਸ਼ ਕੀਤਾ ਹੈ।

ਦੀਨ ਕ੍ਰਿਸ਼ਨ ਸ਼ਰਮਾ
ਮੁਅੱਤਲ ਥਾਣਾ ਇੰਚਾਰਜ ਦੀਨ ਕ੍ਰਿਸ਼ਨ ਸ਼ਰਮਾ

 

ਨਾਮਜ਼ਦ ਕੀਤੇ ਗਏ ਪੰਜ ਪੁਲਿਸ ਕਰਮਚਾਰੀ, ਭਰਤਪੁਰ ਥਾਣੇ ਦੇ ਸਾਬਕਾ ਸਟੇਸ਼ਨ ਇੰਚਾਰਜ ਦੀਨ ਕ੍ਰਿਸ਼ਨ ਮਿਸ਼ਰਾ, ਸਬ ਇੰਸਪੈਕਟਰ ਵੈਸ਼ਾਲਿਨੀ ਪਾਂਡਾ, ਸਹਾਇਕ ਸਬ ਇੰਸਪੈਕਟਰ (ਏਐਸਆਈ) ਸ਼ੈਲਮਈ ਸਾਹੂ, ਸਾਗਰਿਕਾ ਰਥ ਅਤੇ ਕਾਂਸਟੇਬਲ ਬਲਰਾਮ ਹੰਸਦਾ ਨੂੰ ਪਹਿਲਾਂ ਹੀ ਮੁਅੱਤਲ ਕੀਤਾ ਜਾ ਚੁੱਕਾ ਹੈ। ਇਸ ਸਭ ਦੇ ਵਿਚਕਾਰ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ, ਉੜੀਸਾ ਪੁਲਿਸ ਨੇ ਭੁਵਨੇਸ਼ਵਰ ਦੇ ਭਰਤਪੁਰ ਪੁਲਿਸ ਸਟੇਸ਼ਨ ਵਿੱਚ ਪੰਜ ਪੁਲਿਸ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਸੀ।

ਮਾਮਲੇ ਵਿੱਚ ਪੁਲਿਸ ਦਾ ਬਿਆਨ

17 ਸਤੰਬਰ ਨੂੰ ਭੁਵਨੇਸ਼ਵਰ ਦੇ ਡਿਪਟੀ ਪੁਲਿਸ ਕਮਿਸ਼ਨਰ ਪ੍ਰਤੀਕ ਸਿੰਘ ਨੇ ਦਾਅਵਾ ਕੀਤਾ ਹੈ ਕਿ ਜਦੋਂ ਅਧਿਕਾਰੀ ਅਤੇ ਉਸ ਦੀ ਮੰਗੇਤਰ ਐਤਵਾਰ ਤੜਕੇ ਭਰਤਪੁਰ ਥਾਣੇ ਵਿੱਚ ਆਏ ਤਾਂ ਦੋਵੇਂ ਨਸ਼ੇ ਵਿੱਚ ਸਨ। ਉਨ੍ਹਾਂ ਦਾਅਵਾ ਕੀਤਾ ਕਿ ਫੌਜੀ ਅਫ਼ਸਰ ਤੇ ਉਨ੍ਹਾਂ ਦੀ ਮੰਗੇਤਰ ਨੇ ਥਾਣੇ ਵਿੱਚ ਹੰਗਾਮਾ ਕੀਤਾ, ਮੌਜੂਦ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ। ਜਦੋਂ ਇੱਕ ਮਹਿਲਾ ਅਧਿਕਾਰੀ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਉਸਦੇ ਹੱਥ ’ਤੇ ਦੰਦੀ ਵੱਢੀ। ਉਨ੍ਹਾਂ ਨੇ ਥਾਣੇ ਵਿੱਚ ਭੰਨਤੋੜ ਵੀ ਕੀਤੀ ਅਤੇ ਇੱਕ ਕੰਪਿਊਟਰ ਨੂੰ ਵੀ ਨੁਕਸਾਨ ਪਹੁੰਚਾਇਆ। ਇਸ ਲਈ ਉਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ।

ਪੁਲਿਸ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਧਿਕਾਰੀ ਦੀ ਕਾਰ ਵਿੱਚੋਂ ਦੋ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ ਸਨ ਅਤੇ ਦੋਵਾਂ ਨੇ ਸ਼ਰਾਬ ਲਈ ਕਰਵਾਏ ਗਏ ‘ਬ੍ਰੈਥ ਐਨਾਲਾਈਜ਼ਰ ਟੈਸਟ’ ਤੋਂ ਇਨਕਾਰ ਕਰ ਦਿੱਤਾ ਸੀ।

SGPC ਨੇ ਲਿਆ ਨੋਟਿਸ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗਿਆ ਦਖ਼ਲ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸਾਬਕਾ ਸਿੱਖ ਫ਼ੌਜੀ ਅਫ਼ਸਰ ਦੀ ਲੜਕੀ ਅਤੇ ਮੌਜੂਦਾ ਸਿੱਖ ਫੌਜੀ ਅਫ਼ਸਰ ਦੀ ਮੰਗੇਤਰ ’ਤੇ ਓਡੀਸਾ ’ਚ ਭੁਵਨੇਸ਼ਵਰ ਦੇ ਇੱਕ ਪੁਲਿਸ ਥਾਣੇ ਵਿੱਚ ਕੀਤੇ ਗਏ ਸ਼ਰਮਨਾਕ ਕੁਰਕਰਮ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਰਕਾਰ ਪਾਸੋਂ ਮੁਲਜ਼ਮ ਪੁਲਿਸ ਮੁਲਾਜ਼ਮਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।

ਐਡਵੋਕੇਟ ਧਾਮੀ ਨੇ ਕਿਹਾ ਕਿ ਦੇਸ਼ ਅੰਦਰ ਔਰਤਾਂ ਨਾਲ ਕਈ ਦੁਖਦਾਈ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਸਰਕਾਰਾਂ ਇਸ ਵੱਲ ਗੰਭੀਰਤਾ ਨਾਲ ਧਿਆਨ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇਕ ਵੀਡੀਓ ਰਾਹੀਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਦੇਸ਼ ਦੀ ਰੱਖਿਆ ਕਰਨ ਵਾਲੇ ਫ਼ੌਜੀ ਅਫ਼ਸਰ ਦੀ ਵਕੀਲ ਬੇਟੀ ਦਾ ਪਿੱਛਾ ਕਰ ਰਹੇ ਗ਼ਲਤ ਅਨਸਰਾਂ ਤੋਂ ਬਚਣ ਲਈ ਪੁਲਿਸ ਥਾਣੇ ਵਿਚ ਜਾਂਦੀ ਹੈ, ਪਰ ਪੁਲਿਸ ਦੇ ਮੁਲਾਜ਼ਮ ਹੀ ਉਸ ਨਾਲ ਬਦਸਲੂਕੀ ਕਰਦੇ ਹਨ, ਜੋ ਬਹੁਤ ਗੰਭੀਰ ਮਾਮਲਾ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਦਾ ਕੰਮ ਲੋਕਾਂ ਦੇ ਜਾਨ-ਮਾਲ ਦੀ ਰੱਖਿਆ ਕਰਨਾ ਹੁੰਦੀ ਹੈ, ਪਰ ਜਦੋਂ ਪੁਲਿਸ ਅਫ਼ਸਰ ਆਪਣੇ ਡਿਊਟੀ ਨਿਭਾਉਣ ਦੀ ਬਜਾਇ ਫ਼ਰਿਆਦ ਲੈ ਕੇ ਆਏ ਲੋਕਾਂ ਨੂੰ ਹੀ ਜਲੀਲ ਕਰਨ ਤਾਂ ਇਨਸਾਫ਼ ਕਿੱਥੋਂ ਮਿਲੇਗਾ। ਉਨ੍ਹਾਂ ਕਿਹਾ ਕਿ ਫ਼ੌਜੀ ਦੇਸ਼ ਦੀ ਰੱਖਿਆ ਲਈ ਬਾਰਡਰਾਂ ’ਤੇ ਡਿਊਟੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਅਜਿਹੀ ਘਟਨਾ ਵਾਪਰਨੀ ਸਰਕਾਰ ਲਈ ਹੋਰ ਵੀ ਨਮੋਸ਼ੀ ਵਾਲੀ ਗੱਲ ਹੈ।

ਐਡਵੋਕੇਟ ਧਾਮੀ ਨੇ ਓੜੀਸਾ ਸਰਕਾਰ ਨੂੰ ਸਬੰਧਿਤ ਪੁਲਿਸ ਮੁਲਾਜ਼ਮਾਂ ਖਿਲਾਫ਼ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਨੂੰ ਵੀ ਇਸ ਮਾਮਲੇ ਵਿਚ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਅਜਿਹੇ ਮੰਦਭਾਗੇ ਵਰਤਾਰੇ ਨੂੰ ਰੋਕਣ ਲਈ ਠੋਸ ਕਦਮ ਚੁੱਕੇ ਜਾਣ, ਕਿਉਂਕਿ ਅਕਸਰ ਹੀ ਦੇਖਣ ਵਿੱਚ ਆਉਂਦਾ ਹੈ ਕਿ ਦੇਸ਼ ਅੰਦਰ ਸਿੱਖਾਂ ਨਾਲ ਨਾ-ਇਨਸਾਫ਼ੀ ਵੱਧ ਰਹੀ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਖਿਲਾਫ਼ ਕਾਰਵਾਈ ਲਈ ਗ੍ਰਹਿ ਮੰਤਰੀ ਸੂਬਾ ਸਰਕਾਰ ਨੂੰ ਵੀ ਨਿਰਦੇਸ਼ ਦੇਣ।

ਡਿਪਟੀ ਸੀਐਮ ਨੇ ਕਿਹਾ- ਮੁਲਜ਼ਮਾਂ ਖਿਲਾਫ ਜ਼ੀਰੋ ਟਾਲਰੈਂਸ

ਇਸ ਮਾਮਲੇ ਸਬੰਧੀ ਉੜੀਸਾ ਦੀ ਉਪ ਮੁੱਖ ਮੰਤਰੀ ਪਾਰਵਤੀ ਪਰੀਦਾ ਨੇ ਘਟਨਾ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ‘ਮੈਂ ਡੀਸੀਪੀ ਨਾਲ ਗੱਲ ਕੀਤੀ ਹੈ ਅਤੇ ਏਮਜ਼ ’ਚ ਪੀੜਤਾ ਨਾਲ ਮੁਲਾਕਾਤ ਕੀਤੀ ਹੈ ਅਤੇ ਉਸ ਦੇ ਪਰਿਵਾਰ ਨਾਲ ਵੀ ਮੁਲਾਕਾਤ ਕੀਤੀ ਹੈ। 5 ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਸੀਐਮ ਨੇ ਮਾਮਲੇ ਨੂੰ ਲੈ ਕੇ ਕ੍ਰਾਈਮ ਬ੍ਰਾਂਚ ਨੂੰ ਵੀ ਨਿਰਦੇਸ਼ ਦਿੱਤੇ ਹਨ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ, ਜ਼ੀਰੋ ਟੋਲਰੈਂਸ ਦੇ ਆਧਾਰ ’ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਮੈਂ ਔਰਤਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੀ ਹਾਂ ਕਿ ਉਹ ਅਜਿਹੀਆਂ ਘਟਨਾਵਾਂ ਦੀ ਹਿੰਮਤ ਨਾਲ ਰਿਪੋਰਟ ਕਰਨ, ਬਿਨਾਂ ਦੇਰੀ ਕੀਤੇ ਕਾਰਵਾਈ ਕੀਤੀ ਜਾਵੇਗੀ।

ਪ੍ਰਿਅੰਕਾ ਗਾਂਧੀ ਨੇ ਘਟਨਾ ਦੀ ਕੀਤੀ ਨਿੰਦਾ, ਬੀਜੇਪੀ ‘ਤੇ ਸਵਾਲ

ਇਹ ਮਾਮਲਾ ਸਿਆਸੀ ਤੌਰ ’ਤੇ ਭਖ ਗਿਆ ਹੈ। ਸੂਬੇ ’ਚ ਵਿਰੋਧੀ ਧਿਰ ਅਤੇ ਸਾਬਕਾ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਸ਼ੁੱਕਰਵਾਰ ਨੂੰ ਇਸ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ, ਉਥੇ ਹੀ ਕਾਂਗਰਸ ਨੇ ਵੀ ਇਸ ਮਾਮਲੇ ’ਚ ਮੋਹਨ ਮਾਝੀ ਸਰਕਾਰ ’ਤੇ ਨਿਸ਼ਾਨਾ ਸਾਧਿਆ ਹੈ। ਇਸ ਮਾਮਲੇ ’ਤੇ ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਭਰੋਸਾ ਦਿੱਤਾ ਹੈ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਸ ਮਾਮਲੇ ਨੂੰ ਲੈ ਕੇ ਕਾਂਗਰਸ ਆਗੂ ਪ੍ਰਿਅੰਕਾ ਗਾਂਧੀ ਨੇ ਕਿਹਾ ਹੈ ਕਿ ਇਸ ਘਟਨਾ ਤੋਂ ਪੂਰਾ ਦੇਸ਼ ਸਦਮੇ ’ਚ ਹੈ। ਉਨ੍ਹਾਂ ਕਿਹਾ ਕਿ ਉੜੀਸਾ ’ਚ ਪੁਲਿਸ ਤੋਂ ਮਦਦ ਲੈਣ ਗਈ ਫ਼ੌਜੀ ਅਧਿਕਾਰੀ ਦੀ ਮੰਗੇਤਰ ਨਾਲ ਪੁਲਿਸ ਨੇ ਕੀਤੀ ਬੇਰਹਿਮੀ ਅਤੇ ਜਿਣਸੀ ਹਿੰਸਾ ਤੋਂ ਪੂਰਾ ਦੇਸ਼ ਹੈਰਾਨ ਹੈ। ਪੁਲਿਸ ਨੇ ਅਯੁੱਧਿਆ ’ਚ ਸਮੂਹਿਕ ਬਲਾਤਕਾਰ ਦੀ ਸ਼ਿਕਾਰ ਦਲਿਤ ਲੜਕੀ ਨਾਲ ਬੇਇਨਸਾਫ਼ੀ ਕੀਤੀ ਅਤੇ ਇਨਸਾਫ਼ ਦੇਣ ਦੀ ਬਜਾਏ ਉਸ ’ਤੇ ਦਬਾਅ ਪਾਇਆ ਕਿਉਂਕਿ ਰਿਪੋਰਟਾਂ ਮੁਤਾਬਕ ਮੁਲਜ਼ਮ ਭਾਜਪਾ ਨਾਲ ਜੁੜੇ ਹੋਏ ਹਨ।

ਉਨ੍ਹਾਂ ਅੱਗੇ ਲਿਖਿਆ ਕਿ ਦੇਸ਼ ਭਰ ਦੀਆਂ ਭਾਜਪਾ ਸਰਕਾਰਾਂ ਪੁਲਿਸ ਨੂੰ ਰੱਖਿਅਕ ਤੋਂ ਸ਼ਿਕਾਰੀ ਬਣਾਉਣ ਦੀ ਨੀਤੀ ’ਤੇ ਕੰਮ ਕਰ ਰਹੀਆਂ ਹਨ। ਭਾਜਪਾ ਦੀਆਂ ਸਰਕਾਰਾਂ ਵਿੱਚ, ਔਰਤਾਂ ਵਿਰੁੱਧ ਅਪਰਾਧਾਂ ਪ੍ਰਤੀ ਪੁਲਿਸ ਦਾ ਅਪਰਾਧਿਕ ਰਵੱਈਆ ਅਸਲ ਵਿੱਚ ਸੱਤਾਧਾਰੀਆਂ ਦੀ ਸਰਪ੍ਰਸਤੀ ਕਾਰਨ ਵਧਦਾ-ਫੁੱਲਦਾ ਹੈ। ਅਜਿਹੇ ਵਿੱਚ ਦੇਸ਼ ਦੀਆਂ ਔਰਤਾਂ ਸੁਰੱਖਿਆ ਅਤੇ ਨਿਆਂ ਲਈ ਕੀ ਕਰਨ, ਕਿੱਥੇ ਜਾਣ?