India International Punjab Religion

ਅਮਰੀਕਾ ’ਚ ਸਿੱਖ ਡਰਾਈਵਰ ’ਤੇ ਨਸਲੀ ਹਮਲਾ! ‘ਆਪਣੇ ਦੇਸ਼ ਵਾਪਿਸ ਜਾਓ’ ਵਿਦੇਸ਼ ਮੰਤਰੀ ਜੈਸ਼ੰਕਰ ਤੋਂ ਦਖ਼ਲ ਦੀ ਕੀਤੀ ਮੰਗ

ਬਿਉਰੋ ਰਿਪੋਰਟ: ਅਮਰੀਕਾ ਦੇ ਮੈਨਹਟਨ (Manhattan) ਵਿੱਚ ਇੱਕ ਸਿੱਖ ਕੈਬ ਡਰਾਈਵਰ (Sikh cab driver) ਉੱਤੇ ਨਸਲੀ ਹਮਲਾ ਕੀਤਾ ਗਿਆ ਹੈ। 50 ਸਾਲਾ ਸਿੱਖ ਕੈਬ ਡਰਾਈਵਰ ਨੇ ਦੱਸਿਆ ਹੈ ਕਿ ਉਸ ਨੂੰ ਪਿੱਛਿਓਂ ਕਿਸੇ ਨੇ ਮੂੰਹ ’ਤੇ ਮੁੱਕਾ ਮਾਰਿਆ ਤੇ ਕਿਹਾ ਕਿ ‘ਆਪਣੇ ਦੇਸ਼ ਵਾਪਿਸ ਜਾਓ।’ ਉਸ ਤੇ ਸਿਰਫ਼ ਇਸ ਲਈ ਇਹ ਹਮਲਾ ਕੀਤਾ ਗਿਆ ਕਿਉਂਕਿ ਉਹ ਇੱਕ ਸਿੱਖ ਹੈ।

ਇਸ ਘਟਨਾ ’ਤੇ ਬੀਜੇਪੀ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ (Manjinder Singh Sirsa)ਨੇ ਗਹਿਰਾ ਦੁੱਖ ਜਤਾਇਆ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕਰਕੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਇਸ ਮਾਮਲੇ ਵਿੱਚ ਦਖ਼ਲ ਦੇਣ ਅਤੇ ਵਿਦੇਸ਼ਾਂ ਵਿੱਚ ਸਿੱਖਾਂ ਦੀ ਮਰਿਆਦਾ ਤੇ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

ਸਿਰਸਾ ਨੇ ਪੋਸਟ ਵਿੱਚ ਲਿਖਿਆ, ‘ਮੈਨਹਟਨ ਵਿੱਚ ਇੱਕ ਸਿੱਖ ਕੈਬ ਡਰਾਈਵਰ ਉੱਤੇ ਘਿਣਾਉਣੇ ਹਮਲੇ ਦਾ ਸਾਨੂੰ ਬਹੁਤ ਦੁੱਖ ਹੈ, ਜਿਸਨੂੰ ਸਿਰਫ਼ ਉਸਦੀ ਪਛਾਣ ਲਈ ਨਿਸ਼ਾਨਾ ਬਣਾਇਆ ਗਿਆ। ਅਜਿਹੀ ਹਿੰਸਾ ਸਿਰਫ਼ ਵਿਅਕਤੀਆਂ ’ਤੇ ਹੀ ਨਹੀਂ ਬਲਕਿ ਸਾਡੀ ਸਾਂਝੀ ਮਨੁੱਖਤਾ ’ਤੇ ਹਮਲਾ ਹੈ।’

ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੀ ਦਰਿਆਦਿਲੀ ਅਤੇ ਨਿਰਸਵਾਰਥ ਸੇਵਾ ਲਈ ਵਿਸ਼ਵ ਪੱਧਰ ’ਤੇ ਜਾਣਿਆ ਜਾਂਦਾ ਹੈ, ਇਹ ਬਿਹਤਰ ਸਲੂਕ ਦਾ ਹੱਕਦਾਰ ਹੈ। ਸਾਨੂੰ ਨਫ਼ਰਤ ਵਿਰੁੱਧ ਇੱਕਜੁੱਟ ਹੋਣਾ ਚਾਹੀਦਾ ਹੈ।