Khetibadi Punjab

ਅੰਮ੍ਰਿਤਸਰ ’ਚ ਕਿਸਾਨਾਂ ਨੇ ਕੀਤਾ ਚੱਕਾ ਜਾਮ! ਮਕਾਨ ਤੇ ਦੁਕਾਨ ਦੀ ਕੁਰਕੀ ਨੂੰ ਲੈ ਕੇ ਪੁਲਿਸ ਨਾਲ ਹੋਈ ਸੀ ਝੜਪ

ਬਿਉਰੋ ਰਿਪੋਰਟ: ਅੰਮ੍ਰਿਤਸਰ ਵਿੱਚ ਅੱਜ ਕਿਸਾਨਾਂ ਵੱਲੋਂ ਸ਼ਹਿਰ ਨੂੰ ਮੁਕੰਮਲ ਤੌਰ ’ਤੇ ਜਾਮ ਕੀਤਾ ਗਿਆ। ਕਿਸਾਨ ਜਥੇਬੰਦੀਆਂ ਨੇ ਸ਼ਹਿਰ ਦੀ ਜੀਵਨ ਰੇਖਾ ਭੰਡਾਰੀ ਪੁਲ ’ਤੇ ਧਰਨਾ ਦਿੱਤਾ। ਬੀਤੇ ਕੱਲ੍ਹ ਇੱਕ ਮਕਾਨ ਦੀ ਕੁਰਕੀ ਕਰਨ ਲਈ ਗਏ ਪੁਲਿਸ ਅਤੇ ਪ੍ਰਸ਼ਾਸਨ ਨਾਲ ਕਿਸਾਨਾਂ ਦੀ ਹੱਥੋਪਾਈ ਹੋ ਗਈ ਸੀ, ਜਿਸ ਤੋਂ ਬਾਅਦ ਅੱਜ ਕਿਸਾਨਾਂ ਨੇ ਕਰੀਬ ਚਾਰ ਘੰਟੇ ਲਈ ਸੜਕ ਜਾਮ ਕਰ ਦਿੱਤੀ। ਪੁਲਿਸ ਪ੍ਰਸ਼ਾਸਨ ਨੇ ਧਰਨਾ ਹਟਾਵਾਇਆ ਅਤੇ ਮੰਗਲਵਾਰ ਨੂੰ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਗਿਆ।

ਪਿੰਡ ਨੰਗਲੀ ਵਿੱਚ ਮਕਾਨ ਕੁਰਕ ਕਰਨ ਦੇ ਹੋਏ ਹੁਕਮ

ਜਾਣਕਾਰੀ ਅਨੁਸਾਰ ਬੀਤੇ ਦਿਨ ਪਿੰਡ ਨੰਗਲੀ ਵਿੱਚ ਬੈਂਕ ਵੱਲੋਂ ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਮਕਾਨ ਅਤੇ ਦੁਕਾਨ ਕੁਰਕ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਜਿਸ ਤੋਂ ਬਾਅਦ ਬੈਂਕ ਅਧਿਕਾਰੀ ਪੁਲਿਸ ਅਤੇ ਪ੍ਰਸ਼ਾਸਨ ਨਾਲ ਪਹੁੰਚੇ ਪਰ ਉਥੇ ਮੌਜੂਦ ਬੀਕੇਯੂ ਸਿੱਧੂਪੁਰ ਦੇ ਕਿਸਾਨ ਆਗੂਆਂ ਨੇ ਕੁਰਕੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹੱਥੋਪਾਈ ਹੋ ਗਈ, ਜਿਸ ਤੋਂ ਬਾਅਦ ਕਿਸਾਨ ਆਗੂ ਭੜਕ ਗਏ। ਉਨ੍ਹਾਂ ਕਿਹਾ ਕਿ ਅਸੀਂ ਬੈਠ ਕੇ ਬੈਂਕ ਦੇ ਕਰਜ਼ੇ ਬਾਰੇ ਗੱਲ ਕਰ ਸਕਦੇ ਹਾਂ ਪਰ ਜੇਕਰ ਘਰ ਅਤੇ ਦੁਕਾਨ ਬੰਦ ਹੋ ਗਈ ਤਾਂ ਉਨ੍ਹਾਂ ਦੇ ਬੱਚੇ ਕਿੱਥੇ ਜਾਣਗੇ। ਜਿਸ ਤੋਂ ਬਾਅਦ ਅੱਜ ਗੁੱਸੇ ਵਿੱਚ ਆਏ ਕਿਸਾਨਾਂ ਨੇ ਭੰਡਾਰੀ ਪੁਲ ਜਾਮ ਕਰ ਦਿੱਤਾ।

ਚਾਰ ਘੰਟੇ ਲਈ ਬੰਦ ਰਹੀ ਸ਼ਹਿਰ ਦੀ ਆਵਾਜਾਈ

ਕਿਸਾਨਾਂ ਵੱਲੋਂ ਕਰੀਬ 4 ਘੰਟੇ ਜਾਮ ਲਗਾਇਆ ਗਿਆ। ਸ਼ਹਿਰ ਦੇ ਵਿਚਕਾਰ ਸਥਿਤ ਭੰਡਾਰੀ ਪੁਲ ਬੰਦ ਹੋਣ ਕਾਰਨ ਹਰ ਪਾਸੇ ਆਵਾਜਾਈ ਜਾਮ ਰਹੀ। ਕਿਸਾਨ ਕਰੀਬ 12 ਵਜੇ ਤੋਂ ਲੈ ਕੇ 4 ਵਜੇ ਤੱਕ ਪੁਲ ’ਤੇ ਹੀ ਬੈਠੇ ਰਹੇ, ਜਿਸ ਕਾਰਨ ਸਕੂਲੀ ਬੱਚਿਆਂ ਦੀਆਂ ਬੱਸਾਂ ਵੀ ਜਾਮ ਵਿੱਚ ਫਸ ਗਈਆਂ। ਇਸ ਤੋਂ ਬਾਅਦ ਡੀਸੀਪੀ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਪ੍ਰਸ਼ਾਸਨ ਨਾਲ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਧਰਨਾ ਅਤੇ ਜਾਮ ਹਟਵਾਇਆ। ਪੁਲਿਸ ਅਧਿਕਾਰੀ ਅਨੁਸਾਰ ਮੰਗਲਵਾਰ ਨੂੰ ਕਿਸਾਨਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੰਗਾਂ ’ਤੇ ਵਿਚਾਰ ਕੀਤਾ ਜਾਵੇਗਾ, ਇਸ ਭਰੋਸੇ ’ਤੇ ਅੱਜ ਧਰਨਾ ਸਮਾਪਤ ਕਰ ਦਿੱਤਾ ਗਿਆ ਹੈ।