India

21 ਸਤੰਬਰ ਨੂੰ 5 ਕੈਬਨਿਟ ਮੰਤਰੀਆਂ ਨਾਲ ਸਹੁੰ ਚੁੱਕੇਗੀ ਆਤਿਸ਼ੀ! ਗਹਿਲੋਤ ਤੇ ਦਲਿਤ ਆਗੂ ਅਹਲਾਵਤ ਵੀ ਬਣਨਗੇ ਮੰਤਰੀ

ਨਵੀਂ ਦਿੱਲੀ: ਦਿੱਲੀ ਵਿੱਚ ਆਤਿਸ਼ੀ ਕੈਬਨਿਟ ਦਾ ਐਲਾਨ ਕਰ ਦਿੱਤਾ ਗਿਆ ਹੈ। ਆਤਿਸ਼ੀ ਦੇ ਮੁੱਖ ਮੰਤਰੀ ਬਣਨ ਦੇ ਨਾਲ ਹੀ 21 ਸਤੰਬਰ ਨੂੰ ਵਿਧਾਇਕ ਗੋਪਾਲ ਰਾਏ, ਕੈਲਾਸ਼ ਗਹਿਲੋਤ, ਸੌਰਭ ਭਾਰਦਵਾਜ ਅਤੇ ਇਮਰਾਨ ਹੁਸੈਨ ਵੀ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਇਲਾਵਾ ਮੁਕੇਸ਼ ਅਹਲਾਵਤ ਵੀ ਆਤਿਸ਼ੀ ਦੀ ਕੈਬਨਿਟ ’ਚ ਸ਼ਾਮਲ ਹੋਣਗੇ। ਮੁਕੇਸ਼ ਅਹਲਾਵਤ ਨੂੰ ਪਹਿਲੀ ਵਾਰ ਦਿੱਲੀ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ।

ਆਤਿਸ਼ੀ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਹੋਣ ਜਾ ਰਹੇ ਮੁਕੇਸ਼ ਅਹਿਲਾਵਤ ਸੁਲਤਾਨਪੁਰ ਮਾਜਰਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ। ਮੁਕੇਸ਼ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਦਲਿਤ ਨੇਤਾਵਾਂ ਵਿੱਚੋਂ ਇੱਕ ਹਨ।

ਅਰਵਿੰਦ ਕੇਜਰੀਵਾਲ ਦੇ ਅਸਤੀਫੇ ਤੋਂ ਬਾਅਦ ਆਤਿਸ਼ੀ ਨੂੰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਸੀ। ਵਿਧਾਇਕ ਦਲ ਦੀ ਬੈਠਕ ’ਚ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੇ ਆਤਿਸ਼ੀ ਦੇ ਨਾਂ ’ਤੇ ਸਹਿਮਤੀ ਜਤਾਈ। ਇਸ ਤੋਂ ਬਾਅਦ ਆਤਿਸ਼ੀ ਨੇ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਦੇ ਸਾਹਮਣੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਸੀ। ਆਤਿਸ਼ੀ 21 ਸਤੰਬਰ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

ਇਸ ਤਰ੍ਹਾਂ ਸੁਸ਼ਮਾ ਸਵਰਾਜ ਅਤੇ ਸ਼ੀਲਾ ਦੀਕਸ਼ਿਤ ਤੋਂ ਬਾਅਦ ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਵਿਧਾਇਕ ਦਲ ਦਾ ਨੇਤਾ ਚੁਣੇ ਜਾਣ ਤੋਂ ਬਾਅਦ ਕੈਬਨਿਟ ਮੰਤਰੀ ਆਤਿਸ਼ੀ ਨੇ ਕਿਹਾ ਕਿ ਦਿੱਲੀ ਦਾ ਇਕ ਹੀ ਮੁੱਖ ਮੰਤਰੀ ਹੈ ਅਤੇ ਉਸ ਦਾ ਨਾਂ ਅਰਵਿੰਦ ਕੇਜਰੀਵਾਲ ਹੈ। ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਮੇਰੇ ’ਤੇ ਇੰਨਾ ਵਿਸ਼ਵਾਸ ਸੀ, ਪਰ ਮੈਨੂੰ ਦੁੱਖ ਹੈ ਕਿ ਉਹ ਅੱਜ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਮੈਨੂੰ ਪਹਿਲਾਂ ਵਿਧਾਇਕ ਬਣਾਇਆ, ਫਿਰ ਮੰਤਰੀ ਬਣਾਇਆ ਅਤੇ ਅੱਜ ਉਨ੍ਹਾਂ ਨੇ ਮੈਨੂੰ ਮੁੱਖ ਮੰਤਰੀ ਬਣਨ ਦੀ ਜ਼ਿੰਮੇਵਾਰੀ ਸੌਂਪੀ ਹੈ।