Punjab

ਇਕ ਹੋਰ ਅਕਾਲੀ ਲੀਡਰ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀ ਸ਼ਿਕਾਇਤ! ਕਾਰਵਾਈ ਦੀ ਕੀਤੀ ਮੰਗ

ਬਿਊਰੋ ਰਿਪੋਰਟ – ਸ੍ਰੀ ਅਕਾਲ ਤਖਤ ਸਾਹਿਬ (Sri Akal Takth Sahib) ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਆਪਸੀ ਲੜਾਈ ‘ਤੇ ਸੁਣਵਾਈ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਕਈ ਸਿੱਖ ਲੀਡਰਾਂ ਵਿਰੁੱਧ ਸ੍ਰੀ ਅਕਾਲ ਤਖਤ ਸਾਹਿਬ ‘ਤੇ ਲਗਾਤਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਹੁਣ ਇਕ ਹੋਰ ਅਕਾਲੀ ਲੀਡਰ ਵਿਰੁੱਧ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪਹੁੰਚੀ ਹੈ। ਗੁਰਸਮਰਨ ਸਿੰਘ, ਗੁਰਪ੍ਰੀਤ ਸਿੰਘ , ਸਤਨਾਮ ਸਿੰਘ ਅਤੇ ਜਸਪਿੰਦਰ ਸਿੰਘ ਦੇ ਦਸਤਖਤਾਂ ਹੇਠ ਇਕ ਚਿੱਠੀ ਸ੍ਰੀ ਅਕਾਲ ਤਖਤ ‘ਤੇ ਭੇਜ ਕੇ ਬੀਬੀ ਜਗੀਰ ਕੌਰ (Bibi Jagir Kaur) ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਸ਼ਿਕਾਇਤ ਵਿਚ ਬੀਬੀ ਜਗੀਰ ਕੌਰ ਦੀ ਲੜਕੀ ਹਰਪ੍ਰੀਤ ਕੌਰ ਦੀ ਸੰਨ 2000 ਵਿਚ ਗਰਭਕਾਲ ਦੌਰਾਨ ਸ਼ੱਕੀ ਹਾਲਾਤਾਂ ਵਿਚ ਹੋਈ ਮੌਤ ਨੂੰ ਲੈ ਕੇ ਬੀਬੀ ਜਗੀਰ ਕੌਰ ਨੂੰ ਤਲਬ ਕਰਨ ਦੀ ਮੰਗ ਕੀਤੀ ਗਈ ਹੈ। ਚਿੱਠੀ ਵਿਚ ਹੋਰ ਲਿਖਿਆ ਹੈ ਕਿ 20 ਅਪ੍ਰੈਲ 2000 ਨੂੰ ਬੀਬੀ ਜਗੀਰ ਕੌਰ ਦੀ ਲੜਕੀ ਹਰਪ੍ਰੀਤ ਕੌਰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੁੰਦੀ ਹੈ ਅਤੇ ਅਗਲੇ ਦਿਨ 21 ਅ੍ਰਪੈਲ 2000 ਨੂੰ ਹਰਪ੍ਰੀਤ ਦਾ ਸਸਕਾਰ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸ ਦੇ ਪਤੀ ਕਮਲਜੀਤ ਸਿੰਘ ਨੇ ਇਸ ਵਿਰੁਧ ਹਾਈਕੋਰਟ ਵਿਚ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਇਹ ਮਾਮਲਾ ਸੀ.ਬੀ.ਆਈ ਨੂੰ ਸੌਂਪ ਦਿੱਤਾ ਗਿਆ ਸੀ ਅਤੇ 12 ਸਾਲ ਬਾਅਦ ਬੀਬੀ ਜਗੀਰ ਨੂੰ 30 ਮਾਰਚ 2012 ਨੂੰ ਅਗਵਾ, ਜਬਰਨ ਗਰਭਪਾਤ ਅਤੇ ਅਪਰਾਧਿਕ ਸਾਜਿਸ਼ ਰਚਣ ਦੇ ਮਾਮਲੇ ਵਿਚ 5 ਸਾਲ ਦੀ ਕੈਦ ਅਤੇ 5 ਹਜ਼ਾਰ ਦਾ ਜ਼ੁਰਮਾਨਾ ਕੀਤਾ ਗਿਆ ਸੀ ਅਤੇ ਹੁਣ ਵੀ ਇਹ ਮਾਮਲਾ ਸੁਪਰੀਮ ਕੋਰਟ ਵਿਚ ਸੁਣਵਾਈ ਅਧੀਨ ਹੈ।

ਸ਼ਿਕਾਇਤਕਰਤਾ ਨੇ ਕਿਹਾ ਕਿ ਗਰਭਪਾਤ ਦੌਰਾਨ ਪੇਟ ਵਿਚ ਪਾਲ ਰਹੇ ਬੱਚੇ ਨੂੰ ਖਤਮ ਕਰਨਾ ਇਕ ਘਿਣਾਉਣਾ ਪਾਪ ਹੈ। ਇਸ ਕਰਕੇ ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤਲਬ ਕਰਕੇ ਰਵਾਇਤਾਂ ਮੁਤਾਬਕ ਬਣਦੀ ਸਜ਼ਾ ਦਿੱਤੀ ਜਾਵੇ।

ਇਹ ਵੀ ਪੜ੍ਹੋ –  ਭਾਰਤ ਦਾ ਨਾਂ ਬਦਲ ਕੇ ‘ਯੂਨਾਇਟਿਡ ਸਟੇਟ ਆਫ ਇੰਡੀਆ’ ਰੱਖਿਆ ਜਾਵੇ ਤਾਂ ਹੀ ਹੋਵੇਗੀ ਸੂਬਿਆਂ ਦੀ ਤਰੱਕੀ!’ ‘ਪਾਰਲੀਮੈਂਟ ’ਚ ਰੱਖਾਂਗਾ ਮੰਗ’