ਬਿਉਰੋ ਰਿਪੋਰਟ – ਫਰੀਦਕੋਟ ਤੋਂ ਅਜ਼ਾਦ ਐੱਮਪੀ ਸਰਬਜੀਤ ਸਿੰਘ ਖ਼ਾਲਸਾ (MP SARABJEET SINGH KHALSA) ਨੇ ਭਾਰਤ ਦਾ ਨਾਂ ਅਤੇ ਸੂਬਿਆਂ ਦੇ ਕਾਨੂੰਨ ਪ੍ਰਕਿਆ ਨੂੰ ਬਦਲਣ ਦੀ ਮੰਗ ਰੱਖੀ ਹੈ। ਉਨ੍ਹਾਂ ਨੇ ਕਿਹਾ ਜਿਵੇਂ ਅਮਰੀਕਾ ਦਾ ਨਾਂ ‘ਯੂਨਾਇਟਿਡ ਸਟੇਟ ਆਫ ਅਮੇਰੀਕਾ’ (USA) ਹੈ ਉਸੇ ਤਰ੍ਹਾਂ ਭਾਰਤ ਦਾ ਨਾਂ ਵੀ ‘ਯੂਨਾਇਟਿਡ ਸਟੇਟ ਆਫ ਇੰਡੀਆ’ (UNITED STATE OF INDIA) ਹੋਣਾ ਚਾਹੀਦਾ ਹੈ। ਅਮਰੀਕਾ ਵਾਂਗ ਹਰ ਸੂਬੇ ਦੇ ਕਾਨੂੰਨ ਵੱਖਰੇ ਹੋਣੇ ਚਾਹੀਦੇ ਹਨ। ਸੂਬਿਆਂ ਨੂੰ ਵੱਧ ਤੋਂ ਵੱਧ ਅਧਿਕਾਰ ਮਿਲਣੇ ਚਾਹੀਦੇ ਹਨ। ਇਹ ਸੂਬਿਆਂ ਦੀ ਤਰੱਕੀ ਲਈ ਚੰਗਾ ਹੋਵੇਗਾ। MP ਸਰਬਜੀਤ ਸਿੰਘ ਨੇ ਕਿਹਾ ਕਿ ਉਹ ਇਹ ਮੰਗ ਪਾਰਲੀਮੈਂਟ ਵਿੱਚ ਰੱਖਣਗੇ।
ਫਰੀਦਕੋਟ ਦੇ ਐੱਮਪੀ ਨੇ ਕਿਹਾ ਹਰ ਸੂਬੇ ਦੀ ਲੋੜਾਂ ਵੱਖ-ਵੱਖ ਹਨ, ਧਰਮ ਨੂੰ ਮੰਨਣ ਵਾਲੇ ਵੱਖ-ਵੱਖ ਹਨ। ਅਜਿਹੇ ਵਿੱਚ ਸਾਰੇ ਮੁਲਕ ਵਿੱਚ ਇੱਕ ਹੀ ਕਾਨੂੰਨ ਲਾਗੂ ਨਹੀਂ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਜਿਵੇਂ ਅਮਰੀਕਾ ਦੀ ਫੌਜ ਇੱਕ ਹੈ ਅਤੇ ਰਾਸ਼ਟਰਪਤੀ ਇੱਕ ਹੀ ਹੈ ਪਰ ਸੂਬਿਆਂ ਦੇ ਅਧਿਕਾਰ ਵੱਖ-ਵੱਖ ਹਨ। ਸਰਬਜੀਤ ਸਿੰਘ ਖ਼ਾਲਸਾ ਨੇ ਕੰਗਨਾ ਰਣੌਤ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੂੰ ਲੈ ਕੇ ਕੀਤੀਆਂ ਗਈਆਂ ਟਿੱਪਣੀਆਂ ’ਤੇ ਵੀ ਬੀਜੇਪੀ ਨੂੰ ਚਿਤਾਵਨੀ ਦਿੱਤੀ।
ਐੱਮਪੀ ਸਰਬਜੀਤ ਸਿੰਘ ਨੇ ਕਿਹਾ ਕੰਗਨਾ ਭਿੰਡਰਾਂਵਾਲਾ ’ਤੇ ਗ਼ਲਤ ਟਿੱਪਣੀਆਂ ਕਰ ਰਹੀ ਹੈ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ। ਕੰਗਨਾ ਕਹਿੰਦੀ ਹੈ ਕਿ 99 ਫੀਸਦੀ ਸੰਤ ਭਿੰਡਰਾਂਵਾਲਿਆ ਨੂੰ ਨਹੀਂ ਮੰਨਦੇ ਹਨ ਜਦਕਿ ਉਸ ਨੂੰ ਪੰਜਾਬ ਆਕੇ ਸਚਾਈ ਵੇਖਣੀ ਚਾਹੀਦੀ ਹੈ। ਇਸ ਦਾ ਖਾਮਿਆਜ਼ਾ ਬੀਜੇਪੀ ਨੂੰ ਚੋਣਾਂ ਵਿੱਚ ਭੁਗਤਣਾ ਪਏਗਾ।