Punjab

ਪੰਜਾਬ ਦੇ ਇਹਨਾਂ ਜ਼ਿਲ੍ਹਿਆਂ ‘ਚ ਮੀਂਹ ਪੈਣ ਦੀ ਸੰਭਾਵਨਾ! ਚੰਡੀਗੜ੍ਹ ‘ਚ ਯੈਲੋ ਅਲਰਟ

ਮੁਹਾਲੀ : ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਹਿਮਾਚਲ ਨਾਲ ਲੱਗਦੇ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਮੁਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਜ਼ਿਲ੍ਹੇ ਸ਼ਾਮਲ ਹਨ। ਜਦਕਿ ਚੰਡੀਗੜ੍ਹ ‘ਚ ਬਾਰਿਸ਼ ਲਈ ਯੈਲੋ ਅਲਰਟ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ ਦਿਨਾਂ ‘ਚ ਪੰਜਾਬ ਦਾ ਜ਼ਿਆਦਾਤਰ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਤਾਪਮਾਨ ਇਕ ਵਾਰ ਫਿਰ ਵਧਣਾ ਸ਼ੁਰੂ ਹੋ ਗਿਆ ਹੈ। ਸੂਬੇ ਦੇ ਤਾਪਮਾਨ ‘ਚ 0.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ। ਜੋ ਕਿ ਆਮ ਤਾਪਮਾਨ ਨਾਲੋਂ 1.8 ਡਿਗਰੀ ਵੱਧ ਹੈ। ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 37.4 ਡਿਗਰੀ ਦਰਜ ਕੀਤਾ ਗਿਆ ਹੈ।

ਆਈਐਮਡੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਜ਼ਿਆਦਾਤਰ ਹਿੱਸੇ ਸੁੱਕੇ ਰਹਿਣ ਵਾਲੇ ਹਨ ਪਰ ਤਾਪਮਾਨ ਵਿੱਚ ਬਹੁਤਾ ਫਰਕ ਨਹੀਂ ਪਵੇਗਾ। ਪੰਜਾਬ ਵਿੱਚ ਅੱਜ ਸਵੇਰ ਤੋਂ ਬੱਦਲ ਛਾ ਗਏ ਹਨ ਅਤੇ ਮੌਸਮ ਸੁਹਾਵਨਾ ਹੋ  ਗਿਆ ਹੈ ਜਿਸ ਨਾਲ ਪੂਰੀ ਉਮੀਦ ਲੱਗ ਰਹੀ ਹੈ ਕਿ ਪੰਜਾਬ ਵਿੱਚ ਅੱਜ ਮੀਂਹ ਪਵੇਗਾ।

ਪਰ ਜੇਕਰ ਪਿਛਲੇ 24 ਘੰਟਿਆਂ ਦੀ ਗੱਲ ਕਰੀਏ ਤਾਂ ਇੱਕ ਵੀ ਥਾਂ ‘ਤੇ ਮੀਂਹ ਨਹੀਂ ਪਿਆ ਹੈ। ਇਸੇ ਤਰ੍ਹਾਂ ਚੰਡੀਗੜ੍ਹ ‘ਚ ਵੀ ਕੁਝ ਥਾਵਾਂ ‘ਤੇ ਮੀਂਹ ਪਿਆ ਪਰ ਕੋਈ ਮੀਂਹ ਦਰਜ ਨਹੀਂ ਕੀਤੀ ਗਿਆ। ਪੰਜਾਬ ਵਿੱਚ 1 ਸਤੰਬਰ ਤੋਂ 15 ਸਤੰਬਰ ਤੱਕ 35 ਫੀਸਦੀ ਘੱਟ ਮੀਂਹ ਦਰਜ ਕੀਤਾ ਗਿਆ। ਇਸ ਸੀਜ਼ਨ ‘ਚ 52.5 ਮਿਲੀਮੀਟਰ ਵਰਖਾ ਹੋਈ ਸੀ, ਜਦਕਿ ਇਸ ਵਾਰ 34.2 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ਹੈ। ਚੰਡੀਗੜ੍ਹ ਵਿੱਚ 1 ਜੂਨ ਤੋਂ ਹੁਣ ਤੱਕ 711.7 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ। ਇਹ ਆਮ ਵਰਖਾ ਨਾਲੋਂ 13.1% ਘੱਟ ਹੈ।