India

ਅਰਵਿੰਦ ਕੇਜਰੀਵਾਲ ਨੇ LG ਨੂੰ ਸੌਂਪਿਆ ਅਸਤੀਫਾ, ਆਤਿਸ਼ੀ ਨੇ ਪੇਸ਼ ਕੀਤਾ ਸਰਕਾਰ ਬਣਾਉਣ ਦਾ ਦਾਅਵਾ

ਬਿਉਰੋ ਰਿਪੋਰਟ: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਹ ਅੱਜ ਮੰਗਲਵਾਰ ਸ਼ਾਮ ਨੂੰ ਐਲਜੀ ਦਫ਼ਤਰ ਪਹੁੰਚੇ। ਇੱਥੇ ਉਨ੍ਹਾਂ ਨੇ ਉਪ ਰਾਜਪਾਲ ਵੀਕੇ ਸਕਸੈਨਾ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ। ਆਮ ਆਦਮੀ ਪਾਰਟੀ ਵਿਧਾਇਕ ਦਲ ਦੀ ਮੀਟਿੰਗ ਵਿੱਚ ਆਤਿਸ਼ੀ ਨੂੰ ਸੀਐਮ ਦੇ ਅਹੁਦੇ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਉਹ ਮੁੱਖ ਮੰਤਰੀ ਦੀ ਕੁਰਸੀ ’ਤੇ ਉਦੋਂ ਹੀ ਬੈਠਣਗੇ ਜਦੋਂ ਜਨਤਾ ਉਨ੍ਹਾਂ ਨੂੰ ਇਮਾਨਦਾਰੀ ਦਾ ਪ੍ਰਮਾਣ ਪੱਤਰ ਦੇਵੇਗੀ। ਆਤਿਸ਼ੀ ਨੇ ਕੇਜਰੀਵਾਲ ਦਾ ਉੱਤਰਾਧਿਕਾਰੀ ਚੁਣੇ ਜਾਣ ’ਤੇ ਪਾਰਟੀ ਮੁਖੀ ਦਾ ਧੰਨਵਾਦ ਕੀਤਾ। ਉਸਨੇ ਕੇਜਰੀਵਾਲ ਨੂੰ ਆਪਣਾ ਗੁਰੂ ਕਿਹਾ। ਆਤਿਸ਼ੀ ਦਿੱਲੀ ਦੀ ਤੀਜੀ ਮਹਿਲਾ ਮੁੱਖ ਮੰਤਰੀ ਹੋਵੇਗੀ। ਉਨ੍ਹਾਂ ਤੋਂ ਪਹਿਲਾਂ ਭਾਜਪਾ ਨੇਤਾ ਸੁਸ਼ਮਾ ਸਵਰਾਜ ਅਤੇ ਕਾਂਗਰਸ ਦੀ ਸ਼ੀਲਾ ਦੀਕਸ਼ਿਤ ਮੁੱਖ ਮੰਤਰੀ ਰਹਿ ਚੁੱਕੇ ਹਨ।

ਸਾਡਾ ਮਕਸਦ ਕੇਜਰੀਵਾਲ ਨੂੰ ਮੁੜ ਮੁੱਖ ਮੰਤਰੀ ਬਣਾਉਣਾ

ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਆਪਣੀ ਪਹਿਲੀ ਪ੍ਰਤੀਕਿਰਿਆ ’ਚ ਆਤਿਸ਼ੀ ਨੇ ਕਿਹਾ ਕਿ ਇਕ ਪਾਸੇ ਖੁਸ਼ੀ ਹੈ ਪਰ ਦੂਜੇ ਪਾਸੇ ਉਦਾਸੀ ਵੀ ਹੈ। ਦੁੱਖ ਦੀ ਗੱਲ ਹੈ ਕਿ ਪ੍ਰਸਿੱਧ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਸਤੀਫਾ ਦੇ ਰਹੇ ਹਨ। ਅਗਲੇ ਕੁਝ ਮਹੀਨਿਆਂ ਤੱਕ ਮੈਂ ਸਿਰਫ ਇਕ ਟੀਚੇ ’ਤੇ ਕੰਮ ਕਰਾਂਗੀ। ਇਹ ਟੀਚਾ ਕੇਜਰੀਵਾਲ ਨੂੰ ਮੁੱਖ ਮੰਤਰੀ ਦੇ ਅਹੁਦੇ ’ਤੇ ਬਹਾਲ ਕਰਨਾ ਹੋਵੇਗਾ। ਮੈਂ ਉਨ੍ਹਾਂ ਦੇ ਮਾਰਗਦਰਸ਼ਨ ਵਿੱਚ ਮੁੱਖ ਮੰਤਰੀ ਵਜੋਂ ਕੰਮ ਕਰਾਂਗੀ।