India Technology

Jio Down: ਦੇਸ਼ ਭਰ ਵਿੱਚ ਰਿਲਾਇੰਸ ਜੀਓ ਦੀਆਂ ਸੇਵਾਵਾਂ ਠੱਪ, ਕਿਸੇ ਨੂੰ ਨਹੀਂ ਮਿਲ ਰਿਹਾ ਨੈੱਟਵਰਕ

ਬਿਉਰੋ ਰਿਪੋਰਟ: ਰਿਲਾਇੰਸ ਜੀਓ ਦੀਆਂ ਸੇਵਾਵਾਂ ਦੇਸ਼ ਦੇ ਕਈ ਹਿੱਸਿਆਂ ਵਿੱਚ ਇੱਕ ਵਾਰ ਫਿਰ ਠੱਪ ਹੋ ਗਈਆਂ ਹਨ। ਇਸਦੀ ਸ਼ੁਰੂਆਤ ਅੱਜ ਯਾਨੀ 17 ਸਤੰਬਰ ਨੂੰ ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਤੋਂ ਹੋਈ ਸੀ ਅਤੇ ਹੁਣ ਦੇਸ਼ ਦੇ ਸਾਰੇ ਸ਼ਹਿਰਾਂ ਵਿੱਚ ਜੀਓ ਡਾਊਨ ਹੈ। ਇਸ ਤੋਂ ਪਹਿਲਾਂ ਮਈ ਅਤੇ ਜੂਨ 2024 ਵਿੱਚ ਵੀ ਮੁੰਬਈ ਵਿੱਚ ਜਿਓ ਸੇਵਾਵਾਂ ਠੱਪ ਹੋਈਆਂ ਸੀ। ਯੂਜ਼ਰਸ ਲਗਾਤਾਰ ਸੋਸ਼ਲ ਮੀਡੀਆ ’ਤੇ ਜਿਓ ਦੇ ਡਾਊਨ ਹੋਣ ਦੀ ਸ਼ਿਕਾਇਤ ਕਰ ਰਹੇ ਹਨ ਪਰ ਅਜੇ ਤੱਕ ਕੰਪਨੀ ਵੱਲੋਂ ਕੋਈ ਠੋਸ ਹੱਲ ਅਤੇ ਭਰੋਸਾ ਨਹੀਂ ਮਿਲਿਆ ਹੈ।

ਸੋਸ਼ਲ ਮੀਡੀਆ ’ਤੇ ਯੂਜ਼ਰਸ ਦਾ ਦਾਅਵਾ ਹੈ ਕਿ ਜਿਓ ਸੇਵਾਵਾਂ ਮੁੰਬਈ ਭਰ ’ਚ ਬੰਦ ਹਨ। ਕਈ ਘੰਟਿਆਂ ਤੋਂ ਨੈੱਟਵਰਕ ਦੀ ਸਮੱਸਿਆ ਹੈ। ਕਈ ਉਪਭੋਗਤਾਵਾਂ ਨੇ ਬ੍ਰਾਡਬੈਂਡ ਸੇਵਾ ਨੂੰ ਲੈ ਕੇ ਵੀ ਸ਼ਿਕਾਇਤ ਕੀਤੀ ਹੈ। ਡਾਊਨਡਿਟੈਕਟਰ, ਜੋ ਆਊਟੇਜ ਨੂੰ ਟਰੈਕ ਕਰਦਾ ਹੈ, ਨੇ ਵੀ ਜੀਓ ਦੇ ਆਊਟੇਜ ਦੀ ਪੁਸ਼ਟੀ ਕੀਤੀ ਹੈ। ਡਾਊਨਡਿਟੈਕਟਰ ਦੇ ਨਕਸ਼ੇ ਮੁਤਾਬਕ ਜੀਓ ਸੇਵਾਵਾਂ ਨਵੀਂ ਦਿੱਲੀ, ਲਖਨਊ, ਨਾਗਪੁਰ, ਕਟਕ, ਹੈਦਰਾਬਾਦ, ਚੇਨਈ, ਪਟਨਾ, ਅਹਿਮਦਾਬਾਦ, ਕੋਲਕਾਤਾ, ਗੁਹਾਟੀ ਵਰਗੇ ਸ਼ਹਿਰਾਂ ਵਿੱਚ ਠੱਪ ਪਈਆਂ ਹਨ।

ਸਿਰਫ 1 ਘੰਟੇ ’ਚ 10 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਡਾਊਨ ਡਿਟੈਕਟਰ ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਾਈਟ ’ਤੇ 67 ਫੀਸਦੀ ਲੋਕਾਂ ਨੇ ਸਿਗਨਲ ਨਾ ਹੋਣ, 20 ਫੀਸਦੀ ਨੇ ਮੋਬਾਈਲ ਇੰਟਰਨੈੱਟ ਅਤੇ 14 ਫੀਸਦੀ ਨੇ ਜੀਓ ਫਾਈਬਰ ਬਾਰੇ ਸ਼ਿਕਾਇਤ ਕੀਤੀ ਹੈ।