ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਥਿੰਕ ਟੈਂਕ ਐਡਵੋਕੇਟ ਮਹਿੰਦਰ ਸਿੰਘ ਰੋਮਾਣਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਐਤਵਾਰ ਨੂੰ 91 ਸਾਲ ਦੀ ਉਮਰ ’ਚ ਆਖ਼ਰੀ ਸਾਹ ਲਿਆ। ਸਿੱਖ ਧਰਮ ਦੇ ਸੰਪਰਦਾਇਕ ਸਿਆਸਤਦਾਨ ਅਤੇ ਪੰਜਾਬ ਦੀ ਰਾਜਨੀਤੀ ਵਿੱਚ ਵਿਸ਼ੇਸ਼ ਮੁਕਾਮ ਰੱਖਣ ਵਾਲੇ ਰੋਮਾਣਾ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਅਤੇ ਸਾਬਕਾ ਮੁੱਖ ਮੰਤਰੀ ਬਾਦਲ ਦੋਵਾਂ ਦੇ ਕਾਫੀ ਕਰੀਬ ਰਹੇ ਹਨ।
ਉਹ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਮੁਖੀ ਹੋਣ ਤੋਂ ਇਲਾਵਾ ਪੰਜਾਬ ਸੈਰ ਸਪਾਟਾ ਵਿਕਾਸ ਨਿਗਮ ਦੇ ਚੇਅਰਮੈਨ, ਦੋ ਵਾਰ ਸ਼੍ਰੋਮਣੀ ਕਮੇਟੀ ਦੇ ਮੈਂਬਰ, ਸਾਬਕਾ ਮੁੱਖ ਮੰਤਰੀ ਬਰਨਾਲਾ ਦੇ ਸਿਆਸੀ ਸਲਾਹਕਾਰ ਤੋਂ ਇਲਾਵਾ ਕਈ ਵਿਭਾਗਾਂ ਦੇ ਚੇਅਰਮੈਨ ਵੀ ਰਹੇ ਹਨ। ਰੋਮਾਣਾ ਗਿਆਨੀ ਕਰਤਾਰ ਸਿੰਘ ਦੀ ਅਗਵਾਈ ਹੇਠ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀਆਂ ਹੱਦਾਂ ਨਿਰਧਾਰਿਤ ਕਰਨ ਲਈ ਬਣਾਈ ਗਈ ਕਮੇਟੀ ਦੇ ਵੀ ਅਹਿਮ ਮੈਂਬਰ ਰਹੇ ਹਨ।
ਕੁਝ ਸਾਲ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਦੀ ਵੰਡ ਨੂੰ ਲੈ ਕੇ ਪੰਜਾਬ-ਹਰਿਆਣਾ ਵਿੱਚ ਕਾਫੀ ਰੌਲਾ-ਰੱਪਾ ਪਿਆ ਸੀ ਤਾਂ ਰੋਮਾਣਾ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਵੰਡ ਸੰਸਦ ਵੱਲੋਂ ਪਾਸ ਹੋਣ ਤੋਂ ਬਾਅਦ ਹੀ ਹੋ ਸਕਦੀ ਹੈ, ਜਿਸ ਤੋਂ ਬਾਅਦ ਇਹ ਮਾਮਲਾ ਖ਼ਤਮ ਹੋ ਗਿਆ।
ਰੋਮਾਣਾ ਦੇ ਬੇਹੱਦ ਕਰੀਬੀ ਰਹੇ ਮੈਂਬਰ ਕੁਲਭੂਸ਼ਨ ਰਾਏ ਬਾਂਸਲ ਉਰਫ਼ ਭੂਸੀ ਨੇ ਕਿਹਾ ਕਿ ਉਨ੍ਹਾਂ ਲਈ ਰੋਮਾਣਾ ਦਾ ਇਸ ਸੰਸਾਰ ਤੋਂ ਚਲੇ ਜਾਣਾ ਉਨ੍ਹਾਂ ਲਈ ਨਿੱਜੀ ਤੌਰ ’ਤੇ ਵੱਡਾ ਘਾਟਾ ਹੈ | ਭੂਸੀ ਨੇ ਦੱਸਿਆ ਕਿ ਰੋਮਾਣਾ ਆਪਣੇ ਪਿੱਛੇ ਪੂਰਾ ਪਰਿਵਾਰ ਛੱਡ ਗਿਆ ਹੈ। ਉਨ੍ਹਾਂ ਦੇ ਕੁੱਲ ਤਿੰਨ ਬੱਚੇ ਹਨ, ਜਿਨ੍ਹਾਂ ਵਿੱਚ ਦੋ ਪੁੱਤਰ ਅਤੇ ਇੱਕ ਬੇਟੀ ਹੈ। ਰੋਮਾਣਾ ਜੀ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ 3 ਵਜੇ ਫਰੀਦਕੋਟ ਵਿਖੇ ਹੋਵੇਗਾ। ਰੋਮਾਣਾ ਦੀ ਮੌਤ ਨਾਲ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਾ ਹੈ।