ਚੰਡੀਗੜ੍ਹ-ਪਿਛਲੇ ਕਰੀਬ ਤਿੰਨ ਮਹੀਨਿਆਂ ਤੋਂ ਪੂਰਾ ਭਾਰਤ ਕੜਾਕੇ ਦੀ ਠੰਡ ਨਾਲ ਕੰਬ ਰਿਹਾ ਸੀ। ਭਾਰੀ ਠੰਡ ਤੋਂ ਬਾਅਦ ਹੁਣ ਮੌਸਮ ਵਿੱਚ ਤਬਦੀਲੀ ਆ ਰਹੀ ਹੈ। ਭਾਰਤ ਦੀ ਰਾਜਧਾਨੀ ਦਿੱਲੀ, ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਸਮੇਤ ਸਮੁੱਚੇ ਉੱਤਰੀ ਭਾਰਤ ’ਚ ਤਾਪਮਾਨ ਥੋੜ੍ਹਾ ਵੱਧ ਗਿਆ ਹੈ। ਪਿਛਲੇ ਛੇ ਦਿਨਾਂ ਤੋਂ ਤਾਪਮਾਨ ਪੰਜ ਡਿਗਰੀ ਵਧ ਗਿਆ ਹੈ। ਮੌਸਮ ਵਿਭਾਗ ਮੁਤਾਬਕ ਅੱਜ ਸੋਮਵਾਰ ਨੂੰ ਤਾਪਮਾਨ ਇੱਕ ਡਿਗਰੀ ਹੋਰ ਵਧ ਸਕਦਾ ਹੈ। ਸ਼ੁੱਕਰਵਾਰ ਨੂੰ ਤੇਜ਼ ਹਵਾਵਾਂ ਨਾਲ ਬੂੰਦਾਬਾਂਦੀ ਦੀ ਸੰਭਾਵਨਾ ਹੈ ਪਰ ਤਾਪਮਾਨ ’ਚ ਗਿਰਾਵਟ ਦੀ ਆਸ ਨਹੀਂ ਹੈ।
ਹਵਾ ਦੇ ਰੁਖ਼ ’ਚ ਤਬਦੀਲੀ, ਹਵਾਵਾਂ ਦੀ ਰਫ਼ਤਾਰ ਤੇਜ਼ ਹੋਣ ਕਾਰਨ ਦਿੱਲੀ ’ਚ 10 ਤਰੀਕ ਤੋਂ ਬਾਅਦ ਤਾਪਮਾਨ ’ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਵੀਰਵਾਰ ਨੂੰ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਾਨ ਦਰਜ ਕੀਤਾ ਗਿਆ ਸੀ। ਪਾਲਮ ਹਵਾਈ ਅੱਡੇ ’ਤੇ ਤਾਪਮਾਨ 27.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਦਿੱਲੀ ’ਚ ਆਮ ਤੌਰ ’ਤੇ ਫ਼ਰਵਰੀ ਦੇ ਮਹੀਨੇ ਤੋਂ ਗਰਮੀ ਦੀ ਸ਼ੁਰੂਆਤ ਦਾ ਅਹਿਸਾਸ ਹੋਣ ਲੱਗਦਾ ਹੈ ਪਰ ਇਸ ਵਾਰ ਠੰਢ ਲਗਾਤਾਰ ਕਾਇਮ ਹੈ। ਸਵੇਰ ਸਮੇਂ ਲੋਕਾਂ ਨੂੰ ਕਾਫ਼ੀ ਠੰਢ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਮੌਸਮ ਨੇ ਕਰਵਟ ਲੈਣੀ ਸ਼ੁਰੂ ਕਰ ਦਿੱਤੀ ਹੈ ਤੇ ਲੋਕਾਂ ਨੂੰ ਜਲਦ ਹੀ ਠੰਡ ਤੋਂ ਰਾਹਤ ਮਿਲੇਗੀ।