ਮੁੰਬਈ: ਮਹਾਰਾਸ਼ਟਰ ਦੇ ਰਾਏਗੜ੍ਹ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇਕ ਰਸਾਇਣਕ ਫੈਕਟਰੀ ’ਚ ਵੈਲਡਿੰਗ ਦੇ ਕੰਮ ਦੌਰਾਨ ਮਿਥੇਨੌਲ ਵਾਲੀ ਸਟੋਰੇਜ ਟੈਂਕ ’ਚ ਵਿਸਫੋਟ ਹੋਣ ਕਾਰਨ ਤਿੰਨ ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਵਿੱਚ ਤਿੰਨ ਹੋਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ।
ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਰਾਏਗੜ੍ਹ ਦੇ ਐਸਪੀ ਸੋਮਨਾਥ ਘੜਗੇ ਨੇ ਦੱਸਿਆ ਕਿ ਇਹ ਘਟਨਾ ਮੁੰਬਈ ਤੋਂ ਕਰੀਬ 110 ਕਿਲੋਮੀਟਰ ਦੂਰ ਰੋਹਾ ਕਸਬੇ ਦੇ ਧਤਾਵ ਐਮਆਈਡੀਸੀ ਵਿੱਚ ਸਾਧਨਾ ਨਾਈਟਰੋ ਕੈਮ ਲਿਮਟਿਡ ਵਿੱਚ ਸਵੇਰੇ 11.15 ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਕੈਮੀਕਲ ਫੈਕਟਰੀ ਦੇ ਸਟੋਰੇਜ ਟੈਂਕ ਵਿੱਚ ਧਮਾਕਾ ਹੋਇਆ ਸੀ।
ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੈਮੀਕਲ ਫੈਕਟਰੀ ’ਚ ਫੈਬਰੀਕੇਸ਼ਨ ਲਈ ਉੱਤਰ ਪ੍ਰਦੇਸ਼ ਤੋਂ ਆਏ ਤਿੰਨ ਲੋਕਾਂ ਦੀ ਧਮਾਕੇ ’ਚ ਮੌਤ ਹੋ ਗਈ। ਉਹ ਵੈਲਡਿੰਗ ਦਾ ਕੰਮ ਕਰ ਰਹੇ ਸੀ ਜਦੋਂ ਇੱਕ ਚੰਗਿਆੜੀ ਕਾਰਨ ਇੱਕ ਸਟੋਰੇਜ ਟੈਂਕ ਵਿੱਚ ਧਮਾਕਾ ਹੋ ਗਿਆ ਜਿਸ ਵਿੱਚ ਬਹੁਤ ਜਲਣਸ਼ੀਲ ਮਿਥੇਨੌਲ ਸੀ।
ਅਧਿਕਾਰੀ ਨੇ ਦੱਸਿਆ ਕਿ ਧਮਾਕੇ ਵਿੱਚ ਬਾਸੁਕੀ ਯਾਦਵ (45), ਦਿਨੇਸ਼ ਕੁਮਾਰ ਖਰਬਾਨ (60) ਅਤੇ ਸੰਜੀਵ ਕੁਮਾਰ (20) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਨੇੜੇ ਮੌਜੂਦ 3 ਹੋਰ ਮਜ਼ਦੂਰ ਝੁਲਸੇ ਹਨ।