Punjab

ਚੰਡੀਗੜ੍ਹ ਗ੍ਰਨੇਡ ਹਮਲੇ ਦੇ ਮਾਮਲੇ ‘ਚ ਇੱਕ ਗ੍ਰਿਫ਼ਤਾਰ, ਪੁਲਿਸ ਨੇ ਮੁਲਜ਼ਮਾਂ ‘ਤੇ ਰੱਖਿਆ ਇਨਾਮ

ਚੰਡੀਗੜ੍ਹ ਦੇ ਸੈਕਟਰ -10 ਸਥਿਤ ਇਕ ਕੋਠੀ ‘ਤੇ ਹਮਲਾ ਕੀਤਾ ਗਿਆ ਹੈ। ਇੱਥੇ ਕੋਠੀ ਨੰਬਰ 575 ਦੇ ਅੰਦਰ ਵਿਸਫੋਟਕ ਯੰਤਰ ਸੁੱਟਿਆ ਗਿਆ ਸੀ, ਜਿਸ ਨਾਲ ਜ਼ਬਰਦਸਤ ਧਮਾਕਾ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਖੁਫੀਆ ਵਿਭਾਗ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਪੁਲਿਸ ਨੇ ਸ਼ੱਕੀ ਵਿਅਕਤੀਆਂ ਦੀਆਂ ਤਸਵੀਰਾਂ ਕੀਤੀਆਂ ਜਾਰੀ ਹਨ। ਪੁਲਿਸ ਨੇ ਦੇਰ ਰਾਤ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਪਰ ਅਧਿਕਾਰੀ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਰਹੇ ਹਨ।

ਦੈਨਿਕ ਭਾਸਕਰ ਦੀ ਖ਼ਬਰ ਦੇ ਮੁਤਾਬਕ ਚੰਡੀਗੜ੍ਹ ਪੁਲਿਸ ਫਿਲਹਾਲ ਇਸ ਮਾਮਲੇ ‘ਚ ਗੈਂਗਸਟਰ ਅਤੇ ਅੱਤਵਾਦੀ ਦੋਹਾਂ ਐਂਗਲਾਂ ਤੋਂ ਜਾਂਚ ਕਰ ਰਹੀ ਹੈ। ਜਿਸ ਤਰੀਕੇ ਨਾਲ ਇਹ ਹਮਲਾ ਹੋਇਆ ਹੈ, ਇਹ ਕੋਈ ਆਮ ਹਮਲਾ ਨਹੀਂ ਹੈ। ਇਸ ਦੀਆਂ ਤਾਰਾਂ ਇਕ ਵਾਰ ਫਿਰ ਸਰਹੱਦ ਪਾਰ ਬੈਠੇ ਅੱਤਵਾਦੀਆਂ ਵੱਲ ਇਸ਼ਾਰਾ ਕਰ ਰਹੀਆਂ ਹਨ। ਜਿਸ ‘ਚ ਗੈਂਗਸਟਰ ਤੋਂ ਅੱਤਵਾਦੀ ਬਣੇ ਲਖਬੀਰ ਲੰਡਾ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ। ਵਿਅਕਤੀਆਂ ਬਾਰੇ ਜਾਣਕਾਰੀ ਦੇਣ ਲਈ ਪੁਲਿਸ ਕੰਟਰੋਲ ਰੂਮ ਨੰ. 0172-2749194 ਜਾਂ 112 ਅਤੇ ਵਟਸਐਪ ਨੰ. 9465121000 ਜਾਰੀ ਕੀਤੇ ਗਏ ਹਨ।

ਸ਼ੱਕੀਆਂ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਇਨਾਮ

ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਇਸ ਵਿੱਚ ਮੌਕੇ ਤੋਂ ਇੱਕ ਸ਼ੱਕੀ ਆਟੋ ਆਉਂਦਾ ਦਿਖਾਈ ਦੇ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਵਿਸਫੋਟਕ ਯੰਤਰ ਸੁੱਟਣ ਵਾਲੇ ਆਰੋਪੀ ਇਸ ‘ਚ ਬੈਠ ਕੇ ਆਏ ਸੀ। ਇਹ ਘਟਨਾ ਬੁੱਧਵਾਰ ਸ਼ਾਮ ਕਰੀਬ 6 ਵਜੇ ਵਾਪਰੀ। ਚੰਡੀਗੜ੍ਹ ਪ੍ਰਸ਼ਾਸਨ ਨੇ ਹਮਲੇ ਨਾਲ ਸਬੰਧਤ ਕਿਸੇ ਵੀ ਦੋਸ਼ੀ ਬਾਰੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦੇ ਇਨਾਮ ਦਾ ਐਲਾਨ ਵੀ ਕੀਤਾ ਹੈ।

ਐਸ.ਐਸ.ਪੀ. ਕੰਵਰਦੀਪ ਕੌਰ ਨੇ ਕਿਹਾ ਕਿ ਇਥੇ ਇਕ ਛੋਟਾ ਪ੍ਰੈਸ਼ਰ ਕਿਸਮ ਦਾ ਧਮਾਕਾ ਹੋਇਆ ਹੈ, ਜਿਸ ਕਾਰਨ ਖਿੜਕੀਆਂ ਨੂੰ ਨੁਕਸਾਨ ਪਹੁੰਚਿਆ ਹੈ। ਸੀ.ਐਫ.ਐਸ.ਐਲ. ਟੀਮ ਵੀ ਪਹੁੰਚ ਗਈ ਹੈ। ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ, ਜਾਂਚ ਕੀਤੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ 2 ਸ਼ੱਕੀ ਲੋਕ ਇਕ ਆਟੋ ‘ਚ ਆਏ ਅਤੇ ਉਨ੍ਹਾਂ ਨੇ ਧਮਾਕੇ ਵਾਲੀ ਕੋਈ ਚੀਜ਼ ਸੁੱਟੀ। ਕੁਝ ਸ਼ੱਕੀਆਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।

ਪਰਿਵਾਰ ਵਰਾਂਡੇ ਵਿੱਚ ਬੈਠਾ ਸੀ

ਇਸ ਸਮੇਂ ਹਿਮਾਚਲ ਪ੍ਰਦੇਸ਼ ਤੋਂ ਸੇਵਾਮੁਕਤ ਪ੍ਰਿੰਸੀਪਲ ਕੇ ਕੇ ਮਲਹੋਤਰਾ ਅਤੇ ਉਨ੍ਹਾਂ ਦਾ ਪਰਿਵਾਰ ਇਸ ਘਰ ਵਿੱਚ ਰਹਿੰਦਾ ਹੈ। ਘਟਨਾ ਵੇਲੇ ਪਰਿਵਾਰ ਵਰਾਂਡੇ ਵਿੱਚ ਬੈਠਾ ਸੀ। ਕੇ ਕੇ ਮਲਹੋਤਰਾ ਕਿਤਾਬ ਪੜ੍ਹ ਰਿਹਾ ਸੀ। ਜਿਵੇਂ ਹੀ ਉਹ ਉੱਠ ਕੇ ਅੰਦਰ ਗਿਆ ਤਾਂ ਬਾਹਰ ਇਹ ਘਟਨਾ ਵਾਪਰ ਗਈ। ਜਦਕਿ ਉਸ ਦੇ ਪਰਿਵਾਰਕ ਮੈਂਬਰਾਂ ਨੇ ਵੀ ਬੰਬ ਸੁੱਟਣ ਵਾਲਿਆਂ ਨੂੰ ਦੇਖਿਆ।

ਬੰਬ ਘਰ ਦੇ ਬਣੇ ਪਾਰਕ ਵਿੱਚ ਡਿੱਗਿਆ ਅਤੇ ਉੱਥੇ 8 ਇੰਚ ਦਾ ਟੋਆ ਬਣ ਗਿਆ। ਪਾਰਕ ਵਿੱਚ ਲੱਗੇ ਫੁੱਲਾਂ ਦੇ ਗਮਲੇ ਅਤੇ ਬਾਹਰ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।