Punjab

ਮਜੀਠੀਆ ਡਰੱਗ ਕੇਸ ‘ਚ ED ਦੀ ਐਂਟਰੀ! SIT ਤੋਂ ਅਕਾਲੀ ਆਗੂ ਦੀ ਜਾਇਦਾਦ ਤੇ 456 ਕਰੋੜ ਦਾ ਹਿਸਾਬ ਮੰਗ ਲਿਆ!

ਬਿਉਰੋ ਰਿਪੋਰਟ – ਆਉਣ ਵਾਲੇ ਦਿਨਾਂ ਵਿੱਚ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ (BIKRAM SINGH MAJITHIYA) ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਡਰੱਗ ਮਾਮਲੇ ਦੀ ਜਾਂਚ ਕਰ ਰਹੀ ਪੰਜਾਬ ਦੀ SIT ਤੋਂ ED ਨੇ ਰਿਪੋਰਟ ਮੰਗੀ ਹੈ। SIT ਦੀ ਰਿਪੋਰਟ ਵਿੱਚ 456 ਕਰੋੜ ਦੀ ਡਰੱਗ ਦਾ ਜ਼ਿਕਰ ਹੈ। ਰਿਪੋਰਟ ਮੁਤਾਬਿਕ ED ਨੇ SIT ਤੋਂ ਬਿਕਰਮ ਸਿੰਘ ਮਜੀਠੀਆ ਦੀ ਜਾਇਦਾਦ ਦਾ ਬਿਉਰਾ ਵੀ ਮੰਗਿਆ ਹੈ। ਕਿਉਂਕਿ SIT ਨੇ ਆਪਣੀ ਜਾਂਚ ਵਿੱਚ 436 ਕਰੋੜ ਦੀ ਮਨੀ ਲਾਂਡਰਿੰਗ ਦਾ ਜ਼ਿਕਰ ਕੀਤਾ ਹੈ। ED ਪਤਾ ਲਗਾਉਣਾ ਚਾਹੁੰਦੀ ਹੈ ਕਿ ਜਾਂਚ ਦੇ ਦੌਰਾਨ ਜਿਹੜਾ 436 ਕਰੋੜ ਵਿਖਾਇਆ ਹੈ ਉਸ ਦੇ ਹਿਸਾਬ ਨਾਲ ਕੀ ਉਨ੍ਹਾਂ ਦੀ ਜਾਇਦਾਦ ਹੈ। SIT ਕੋਲ 284 ਬੈਂਕ ਐਕਾਉਂਟ ਅਜਿਹੇ ਹਨ ਜਿਸ ਦੇ ਜ਼ਰੀਏ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਹੈ। ਏਜੰਸੀ ਨੇ ਇੰਨਾਂ ਸਾਰਿਆਂ ਦਾ ਹਿਸਾਬ SIT ਵੱਲੋਂ ਮੰਗਿਆ ਗਿਆ ਹੈ । ਇਸ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਵੀ ਬਿਆਨ ਸਾਹਮਣੇ ਆਇਆ ਹੈ ।

ਮਜੀਠੀਆ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਸ਼ਰਾਰਤ ਦੱਸਿਆ ਹੈ। ਉਨ੍ਹਾਂ ਨੇ ਕਿਹਾ ਮੇਰੇ ਖਿਲਾਫ਼ 5 SIT ਬਣਾ ਵੱਡੇ ਤੋਂ ਵੱਡੇ ਅਫਸਰ ਨੂੰ ਲਗਾਇਆ ਗਿਆ ਪਰ ਹੁਣ ਤੱਕ ਚਾਲਾਨ ਤੱਕ ਪੇਸ਼ ਨਹੀਂ ਕਰ ਸਕੇ ਹਨ। ਹੁਣ ਪਰੇਸ਼ਾਨ ਹੋ ਕੇ ਭਗਵੰਤ ਮਾਨ ਨੇ ਆਪ ਈਡੀ ਨੂੰ ਕੇਸ ਦਿੱਤਾ ਹੈ। ਉਨ੍ਹਾਂ ਕਿਹਾ ਇਹ ਫੈਸਲਾ ਭਗਵੰਤ ਮਾਨ ਨੇ ਕਈ ਦਿਨ ਪਹਿਲਾਂ ਕਰ ਦਿੱਤਾ ਸੀ ਪਰ ਹੁਣ ਜਾਕੇ ਇਸ ਨੂੰ ਜਨਤਕ ਕੀਤਾ ਹੈ। ਮਜੀਠੀਆ ਨੇ ਇਲਜ਼ਾਮ ਲਗਾਇਆ ਕਿ ਸਰਕਾਰ ਹੁਣ ਤੱਕ ਇਹ ਸਾਬਿਤ ਨਹੀਂ ਕਰ ਸਕਦੀ ਡਰੱਗ ਸਮੱਗਲਰ ਕੌਣ ਸਨ, ਪੈਸੇ ਕਿਸ ਨੇ ਕਿਸ ਨੂੰ ਦਿੱਤੇ ?

SIT ਹੁਣ ਤੱਕ ਬਿਕਰਮ ਸਿੰਘ ਮਜੀਠੀਆ ਕੋਲੋ ਕਈ ਵਾਰ ਪੁੱਛ-ਗਿੱਛ ਕਰ ਚੁੱਕੀ ਹੈ। ਪਿਛਲੇ ਮਹੀਨੇ ਵੀ ਮਜੀਠੀਆ SIT ਦੇ ਸਾਹਮਣੇ ਪੇਸ਼ ਹੋਏ ਸਨ ਉਨ੍ਹਾਂ ਨੇ ਇਸ ਨੂੰ ਬਦਲਾਖੌਰੀ ਦਾ ਨਾਂ ਦਿੱਤਾ ਸੀ। 2021 ਵਿੱਚ ਚਰਨਜੀਤ ਸਿੰਘ ਚੰਨੀ ਸਰਕਾਰ ਨੇ ਡਰੱਗ ਮਾਮਲੇ ਵਿੱਚ SIT ਦਾ ਗਠਨ ਕੀਤਾ ਸੀ। ਜਿਸ ਤੋਂ ਬਾਅਦ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 6 ਮਹੀਨੇ ਬਾਅਦ ਉਨ੍ਹਾਂ ਨੂੰ ਹਾਈਕੋਰਟ ਕੋਲੋ ਜ਼ਮਾਨਤ ਮਿਲੀ ਹੈ।

ਇਹ ਵੀ ਪੜ੍ਹੋ –   ਹਰਿਆਣਾ ਕੈਬਨਿਟ ਨੇ ਸੰਵਿਧਾਨਕ ਸੰਕਟ ਟਾਲਣ ਲਈ ਰਾਜਪਾਲ ਨੂੰ ਕੀਤੀ ਵੱਡੀ ਸਿਫਾਰਿਸ਼